ਖੰਨਾ-ਮਲੇਰਕੋਟਲਾ ਰੋਡ 'ਤੇ ਪਿੰਡ ਇਕੋਲਾਹਾ ਨੇੜੇ ਉਸ ਸਮੇਂ ਅੱਗ ਦਾ ਭਿਆਨਕ ਤਾਂਡਵ ਸ਼ੁਰੂ ਹੋਇਆ ਜਦੋਂ ਸੜਕ ਕਿਨਾਰੇ ਪਏ ਕੂੜੇ ਨੂੰ ਅੱਗ ਲੱਗੀ ਅਤੇ ਦੇਖਦੇ ਹੀ ਦੇਖਦੇ ਇਹ ਅੱਗ ਵਣ ਵਿਭਾਗ ਦੀ ਜ਼ਮੀਨ 'ਤੇ ਖੜ੍ਹੇ ਹਰੇ-ਭਰੇ ਦਰੱਖਤਾਂ ਨੂੰ ਆਪਣੀ ਲਪੇਟ 'ਚ ਲੈ ਗਈ। ਅੱਗ ਦੀਆਂ ਲਪਟਾਂ ਦਰੱਖਤਾਂ ਦੇ ਹੇਠਲੇ ਹਿੱਸਿਆਂ ਤੋਂ ਹੁੰਦੀਆਂ ਹੋਈਆਂ ਸਿੱਧੀਆਂ ਜੜ੍ਹਾਂ ਤੱਕ ਪਹੁੰਚ ਗਈਆਂ, ਜਿਸ ਨਾਲ ਕੀਮਤੀ ਦਰੱਖਤ ਸੜ ਕੇ ਸੁਆਹ ਹੋ ਗਏ। ਇਸ ਭਿਆਨਕ ਘਟਨਾ ਨੇ ਇੱਕ ਪਾਸੇ ਜਿੱਥੇ ਸੜਕ 'ਤੇ ਲੰਘ ਰਹੇ ਰਾਹਗੀਰਾਂ ਨੂੰ ਉੱਪਰ ਉੱਠਦੇ ਧੂੰਏਂ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਦੂਜੇ ਪਾਸੇ ਵਣ ਵਿਭਾਗ ਦੀ ਨਿਗਰਾਨੀ ਅਤੇ ਮੁਲਾਜ਼ਮਾਂ ਦੀ ਡਿਊਟੀ ਪ੍ਰਤੀ ਜਵਾਬਦੇਹੀ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਮੌਕੇ 'ਤੇ ਮੌਜੂਦ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਧਮਾਕੇਖੇਜ਼ ਖੁਲਾਸਾ ਕਰਦਿਆਂ ਦੋਸ਼ ਲਗਾਇਆ ਕਿ ਘਟਨਾ ਸਮੇਂ ਸਬੰਧਤ ਵਣ ਗਾਰਡ ਜੋਤੀ ਮੌਕੇ 'ਤੇ ਮੌਜੂਦ ਨਹੀਂ ਸੀ, ਜਿਸ ਕਾਰਨ ਸਮੇਂ ਸਿਰ ਕਾਰਵਾਈ ਨਾ ਹੋਣ ਕਰਕੇ ਦਰੱਖਤਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਮੁਲਾਜ਼ਮ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਵਣ ਰੇਂਜ ਦੋਰਾਹਾ ਦੇ ਅਧਿਕਾਰੀ ਬੋਹੜ ਸਿੰਘ ਬੁੱਟਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਸ਼ਿਕਾਇਤਕਰਤਾ ਦੇ ਅਨੁਸਾਰ ਅਧਿਕਾਰੀ ਵੱਲੋਂ ਵਣ ਗਾਰਡ ਜੋਤੀ ਦਾ ਬਚਾਅ ਕੀਤਾ ਗਿਆ, ਜਿਸ ਨਾਲ ਇਹ ਸਵਾਲ ਹੋਰ ਵੀ ਗਹਿਰਾ ਹੋ ਗਿਆ ਕਿ ਆਖ਼ਰ ਦਰੱਖਤਾਂ ਦੇ ਹੋਏ ਭਾਰੀ ਨੁਕਸਾਨ ਦੀ ਜ਼ਿੰਮੇਵਾਰੀ ਕੌਣ ਲਵੇਗਾ। ਜ਼ਿਕਰਯੋਗ ਹੈ ਕਿ ਵਣ ਰੇਂਜ ਦੋਰਾਹਾ ਪਹਿਲਾਂ ਵੀ ਯੂਨੀਪੋਲਾਂ ਤੇ ਕਥਿਤ ਨਾਜਾਇਜ਼ ਕਬਜ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਚਰਚਾ 'ਚ ਰਹੀ ਹੈ ਅਤੇ ਹੁਣ ਹਰੇ-ਭਰੇ ਦਰੱਖਤਾਂ ਦੇ ਅੱਗ ਦੀ ਭੇਟ ਚੜ੍ਹਨ ਨਾਲ ਵਿਭਾਗ ਦੀ ਕਾਰਗੁਜ਼ਾਰੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਲੋਕਾਂ ਨੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜੇ ਦਰੱਖਤਾਂ ਦਾ ਮੁਲਾਂਕਣ ਕਰਵਾਇਆ ਜਾਵੇ, ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹੋਵੇ ਤੇ ਜੇਕਰ ਕਿਸੇ ਮੁਲਾਜ਼ਮ ਦੀ ਡਿਊਟੀ 'ਚ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇ।
ਖੰਨਾ-ਮਲੇਰਕੋਟਲਾ ਰੋਡ 'ਤੇ ਅੱਗ ਦਾ ਤਾਂਡਵ, ਵਣ ਵਿਭਾਗ ਦੀ ਜ਼ਮੀਨ ਸੜੀ; ਨੰਬਰਦਾਰ ਦਾ ਵੱਡਾ ਖੁਲਾਸਾ- ਗਾਰਡ ਸੀ ਫਰਾਰ
ਖੰਨਾ-ਮਲੇਰਕੋਟਲਾ ਰੋਡ 'ਤੇ ਪਿੰਡ ਇਕੋਲਾਹਾ ਨੇੜੇ ਉਸ ਸਮੇਂ ਅੱਗ ਦਾ ਭਿਆਨਕ ਤਾਂਡਵ ਸ਼ੁਰੂ ਹੋਇਆ ਜਦੋਂ ਸੜਕ ਕਿਨਾਰੇ ਪਏ ਕੂੜੇ ਨੂੰ ਅੱਗ ਲੱਗੀ ਅਤੇ ਦੇਖਦੇ ਹੀ ਦੇਖਦੇ ਇਹ ਅੱਗ ਵਣ ਵਿਭਾਗ ਦੀ ਜ਼ਮੀਨ 'ਤੇ ਖੜ੍ਹੇ ਹਰੇ-ਭਰੇ ਦਰੱਖਤਾਂ ਨੂੰ ਆਪਣੀ ਲਪੇਟ
NRI Post Desk · 3 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





