|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਤ ਦੇ ਹਨੇਰੇ ਵਿੱਚ ਖੁੱਲ੍ਹਾ ਖੇਲ: ਪਹਾੜ ਖ਼ਤਮ, ਜ਼ਮੀਨ ਵਿੱਚ ਟੋਭਾ ਤੇ ਪ੍ਰਸ਼ਾਸਨ ਦੀ ਅੱਖ ਬੰਦ, ਪਰ ਅਸਲ ਖੁਲਾਸਾ ਹੈਰਾਨ ਕਰਨ ਵਾਲਾ

ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਉਸ ਸਮੇਂ ਵੱਡਾ ਖੁਲਾਸਾ ਹੋਇਆ ਜਦੋਂ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਵੀਡੀਓਆਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਕਾਰਵਾਈ ਸ਼ੁਰੂ ਕੀਤੀ ਗਈ। ਨੰਗਲ ਦੇ ਖੇੜਾ ਕਲਮੋਟ

NRI Post Desk · 4 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਾਤ ਦੇ ਹਨੇਰੇ ਵਿੱਚ ਖੁੱਲ੍ਹਾ ਖੇਲ: ਪਹਾੜ ਖ਼ਤਮ, ਜ਼ਮੀਨ ਵਿੱਚ ਟੋਭਾ ਤੇ ਪ੍ਰਸ਼ਾਸਨ ਦੀ ਅੱਖ ਬੰਦ, ਪਰ ਅਸਲ ਖੁਲਾਸਾ ਹੈਰਾਨ ਕਰਨ ਵਾਲਾ
📷 NRI Post Desk

ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਉਸ ਸਮੇਂ ਵੱਡਾ ਖੁਲਾਸਾ ਹੋਇਆ ਜਦੋਂ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਵੀਡੀਓਆਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਕਾਰਵਾਈ ਸ਼ੁਰੂ ਕੀਤੀ ਗਈ। ਨੰਗਲ ਦੇ ਖੇੜਾ ਕਲਮੋਟ ਦੀ ਕਰੈਸ਼ਰ ਦੀਆਂ ਹੈਰਾਨੀਜਨਕ ਤਸਵੀਰਾਂ ਬੀਤੇ ਕੱਲ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ, ਜਿੱਥੇ ਨਾ ਸਿਰਫ ਪਹਾੜ ਖ਼ਤਮ ਕਰ ਦਿੱਤੇ ਗਏ ਸਗੋਂ ਜ਼ਮੀਨ ਨੂੰ ਵੀ ਇੰਨੀ ਡੁੰਘਾਈ ਤੱਕ ਪੁੱਟ ਦਿੱਤਾ ਗਿਆ ਕਿ ਉਸ ਵਿੱਚੋਂ ਪਾਣੀ ਦਾ ਟੋਭਾ ਬਣ ਗਿਆ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਇਸ ਕਰੈਸ਼ਰ ਮਾਲਕ ਨੇ ਕਥਿਤ ਤੌਰ ’ਤੇ ਪਹਾੜੀਆਂ ਨੂੰ ਖ਼ਤਮ ਕੀਤਾ ਹੈ, ਸਗੋਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਨੇ ਖੇੜਾ ਕਲਮੋਟ ਦਾ ਅੱਧਾ ਹਿੱਸਾ ਹੀ ਮੁਕਾ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਸਵੇਰ ਤੋਂ ਸੋਸ਼ਲ ਮੀਡੀਆ ’ਤੇ ਚੱਲ ਰਹੀ ਵੀਡੀਓ ਦੀ ਭਿਣਕ ਪ੍ਰਸ਼ਾਸਨ ਨੂੰ ਦੇਰ ਰਾਤ ਲੱਗੀ, ਜਦੋਂ ਕਰੈਸ਼ਰ ਮਾਲਕ ਵੱਲੋਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਨਾਕਾਮ ਰਹੀ। ਅੰਤ ਰਾਤ ਨੂੰ ਮਾਈਨਿੰਗ ਵਿਭਾਗ ਦੇ ਉਪ ਮੰਡਲ ਅਫਸਰ ਨੰਗਲ, ਜਲ ਨਿਕਾਸ ਕੰਮ ਮਾਈਨਿੰਗ ਤੇ ਜੀਓਲੋਜੀ ਉਪ ਮੰਡਲ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਥਾਣਾ ਮੁੱਖੀ ਨੰਗਲ ਨੂੰ ਈਮੇਲ ਭੇਜੀ ਗਈ ਅਤੇ ਪੁਲਿਸ ਨੇ ਗੁਗਲ ਕੋਆਰਡੀਨੇਟਸ ਦੀ ਮਦਦ ਨਾਲ ਕੇਸ਼ਵ ਸਟੋਨ ਕਰੈਸ਼ਰ ਦੇ ਨਜ਼ਦੀਕ ਨਾਜਾਇਜ਼ ਮਾਈਨਿੰਗ ਲਈ ਵਰਤੀ ਗਈ ਮਸ਼ੀਨਰੀ ਤੇ ਸਬੰਧਤ ਜ਼ਮੀਨ ਮਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ। ਇਸ ਵਾਰ ਵੀ ਹੈਰਾਨੀ ਦੀ ਗੱਲ ਇਹ ਰਹੀ ਕਿ ਵੀਡੀਓ ਵਿੱਚ ਉਕਤ ਵਿਅਕਤੀ ਚੀਕ-ਚੀਕ ਕੇ ਕਰੈਸ਼ਰ ਦਾ ਨਾਮ ਲੈ ਰਿਹਾ ਸੀ, ਪਰ ਪੁਲਿਸ ਤੇ ਮਾਈਨਿੰਗ ਵਿਭਾਗ ਨੂੰ ਨਾ ਮਾਈਨਿੰਗ ਵਾਲੀ ਜ਼ਮੀਨ, ਨਾ ਕਰੈਸ਼ਰ ਦੀ ਲੱਗ, ਨਾ ਮਾਲਕ ਜ਼ਮੀਨ ਤੇ ਨਾ ਹੀ ਮਸ਼ੀਨਰੀ ਦੇ ਮਾਲਕ ਦਾ ਨਾਮ ਪਤਾ ਲੱਗ ਸਕਿਆ। ਸੂਤਰਾਂ ਦੀ ਜਾਣਕਾਰੀ ਅਨੁਸਾਰ ਫੜੀਆਂ ਗਈਆਂ ਮਸ਼ੀਨਾਂ ਦੀ ਬੋਲੀ ਲਾਈ ਜਾਂਦੀ ਹੈ ਅਤੇ ਜੇਕਰ ਕਰੈਸ਼ਰ ਮਾਲਕ ਜਾਂ ਮਸ਼ੀਨ ਮਾਲਕ ਵੱਧ ਪੈਸੇ ਦਿੰਦਾ ਹੈ ਤਾਂ ਇੰਨਕੁਆਰੀ ਵਿੱਚ ਮਾਮਲਾ ਰੱਦ ਕਰਕੇ ਮਸ਼ੀਨ ਵਾਪਸ ਕਰ ਦਿੱਤੀ ਜਾਂਦੀ ਹੈ, ਜਿਸ ਦੀ ਬੋਲੀ ਪੰਜ ਲੱਖ ਰੁਪਏ ਤੋਂ ਲੈ ਕੇ ਪੰਦਰਾਂ ਲੱਖ ਰੁਪਏ ਤੱਕ ਚਲੀ ਜਾਂਦੀ ਹੈ। ਲੋਕਾਂ ਵਿੱਚ ਇਸ ਗੱਲ ਦੀ ਵੀ ਚਰਚਾ ਹੈ ਕਿ ਵਿਭਾਗਾਂ ਵੱਲੋਂ ਤਿਆਰ ਰੋਜ਼ਨਾਮਚਿਆਂ ਵਿੱਚ ਇਨ੍ਹਾਂ ਇਲਾਕਿਆਂ ਦੀ ਗਸ਼ਤ ਤੇ ਦੌਰਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਪਰ ਜੇਕਰ ਲਗਾਤਾਰ ਗਸ਼ਤ ਹੋ ਰਹੀ ਸੀ ਤਾਂ ਪਹਾੜੀ ਖ਼ਤਮ ਕਰਕੇ ਪੁੱਟੀ ਗਈ ਜ਼ਮੀਨ ਦਾ ਇਹ ਟੋਭਾ ਕਿਵੇਂ ਕਿਸੇ ਦੀ ਨਜ਼ਰ ਨਹੀਂ ਆਇਆ। ਇਸ ਲਈ ਹੁਣ ਸਵਾਲ ਇਹ ਹੈ ਕਿ ਕੀ ਇਹ ਸਿਰਫ ਮਾਈਨਿੰਗ ਮਾਫ਼ੀਆ ਦੀ ਲੁੱਟ ਸੀ ਜਾਂ ਪੁਲਿਸ ਤੇ ਪ੍ਰਸ਼ਾਸਨ ਦੀ ਬਰਾਬਰ ਦੀ ਜਿੰਮੇਵਾਰੀ ਵੀ ਇਸ ਵਿੱਚ ਸ਼ਾਮਲ ਹੈ, ਅਤੇ ਕੀ ਇੱਕ ਵੀਡੀਓ ਨੇ ਉਹ ਪਰਦਾ ਚੁੱਕ ਦਿੱਤਾ ਹੈ ਜੋ ਸਾਲਾਂ ਤੋਂ ਬੰਦ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!