ਆਰੀਅਨ ਖਾਨ ਮਾਮਲਾ : NCB  ਦੇ ਗਵਾਹ ਪ੍ਰਭਾਕਰ ਸੇਲ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨਾਲ ਜੁੜੇ ਡਰੱਗ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਗਵਾਬ ਪ੍ਰਭਾਕਰ ਸੇਲ ਦੀ ਮੌਤ ਹੋ ਗਈ ਹੈ।ਉਨ੍ਹਾਂ ਦੇ ਵਕੀਲ ਤੁਸ਼ਾਰ ਖੰਡਾਰੇ ਦੇ ਅਨੁਸਾਰ ਕੱਲ ਚੇਂਬੂਰ ਦੇ ਮਾਹੁਲ ਇਲਾਕੇ 'ਚ ਉਨ੍ਹਾਂ ਦੀ ਰਿਹਾਇਸ਼ 'ਚ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਆਰੀਅਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪ੍ਰਭਾਕਰ ਚਰਚਾ 'ਚ ਆਏ ਸਨ। ਪ੍ਰਭਾਕਰ ਡਰੱਗ ਮਾਮਲੇ ਦੇ ਇਕ ਪ੍ਰਮੁੱਖ ਗਵਾਹ ਸਨ। ਪ੍ਰਭਾਕਰ ਨੇ ਐੱਨ.ਸੀ.ਬੀ ਕੋਰਟ 'ਚ ਇਕ ਹਲਫਨਾਮਾ ਦਾਖ਼ਲ ਕੀਤਾ ਸੀ ਕਿ ਉਹ ਕੇਪੀ ਗੋਸਾਵੀ ਦੇ ਪਰਸਨਲ ਬਾਡੀਗਾਰਡ ਸਨ।

ਉਨ੍ਹਾਂ ਨੇ ਕਿਹਾ ਸੀ ਕਿ ਆਰੀਅਨ ਖਾਨ ਨੂੰ ਛੱਡਣ ਲਈ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਡਡਲਾਨੀ, ਕੇਪੀ ਗੋਸਾਵੀ ਅਤੇ ਸੈਮ ਡਿਸੂਜਾ ਦੇ ਵਿਚਾਲੇ 25 ਕਰੋੜ ਰੁਪਏ ਦੀ ਡੀਲ ਹੋ ਰਹੀ ਸੀ ਅਤੇ 18 ਕਰੋੜ 'ਤੇ ਸਹਿਮਤੀ ਬਣੀ ਸੀ। ਪ੍ਰਭਾਕਰ ਦੇ ਦਾਵਿਆਂ ਤੋਂ ਬਾਅਦ ਐੱਨ.ਸੀ.ਬੀ. ਹਰਕਤ 'ਚ ਆਈ ਅਤੇ ਸਮੀਰ ਵਾਨਖੇਡੇ ਅਤੇ ਹੋਰਾਂ ਦੇ ਬਿਆਨ ਦਰਜ ਕਰਨ ਲਈ ਪੰਜ ਮੈਂਬਰੀ ਟੀਮ ਨੂੰ ਮੁੰਬਈ ਭੇਜ ਦਿੱਤਾ।