
ਗੁਰਦਾਸਪੁਰ (ਰਾਘਵ) : ਵਿਜਲੈਂਸ ਬਿਊਰੋ ਦੀ ਟੀਮ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਹਾਇਕ ਟਾਊਨ ਪਲੈਨਰ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਆਰਕੀਟੈਕਟ ਅਵਿਨਾਸ਼ ਵਿਧਾਨ ਨੇ ਕੰਪਲੇਂਟ ਕੀਤੀ ਸੀ ਕਿ ਉਸ ਨੇ ਕ੍ਰਿਸ਼ਨਾ ਕਲੋਨੀ ਔਜਲਾ ਰੋਡ ਗੁਰਦਾਸਪੁਰ ਵਿਖੇ ਸਥਿਤ ਪਲਾਟ ਲਈ ਨੋ ਓਬਜੈਕਸ਼ਨ ਸਰਟੀਫਿਕੇਟ ਨਗਰ ਕੌਂਸਲ ਵਿਖੇ ਅਪਲਾਈ ਕੀਤਾ ਸੀ ਜਿਸ ਦੇ ਬਾਅਦ ਸੰਬੰਧਤ ਡਰਾਫਟਸਮੈਨ ਅਤੇ ਇੰਸਪੈਕਟਰ ਨੇ ਇਸ ਨੂੰ ਕਲੀਅਰ ਕਰ ਦਿੱਤਾ ਸੀ ਪਰ ਜਦੋਂ ਇਹ ਫਾਈਲ ਸਹਾਇਕ ਟਾਊਨ ਪਲੈਨਰ ਚਰਨਜੀਤ ਕੋਲ ਗਈ ਤਾਂ ਉਸਨੇ ਇਸ ਤੇ ਕਈ ਤਰਹਾਂ ਦੇ ਓਬਜੈਕਸ਼ਨ ਲਗਾ ਦਿੱਤੇ।
ਉਕਤ ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਇਸ ਅਧਿਕਾਰੀ ਵੱਲੋਂ ਉਸ ਕੋਲੋਂ ਇਹ ਕੰਮ ਕਰਨ ਲਈ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਪਰ ਉਹ ਆਪਣੇ ਸਹੀ ਕੰਮ ਨੂੰ ਕਰਾਉਣ ਬਦਲੇ ਰਿਸ਼ਵਤ ਦੇਣਾ ਨਹੀਂ ਚਾਹੁੰਦਾ ਸੀ ਜਿਸ ਕਰ ਕੇ ਉਸ ਨੇ ਇਹ ਮਾਮਲਾ ਵਿਜਲੈਂਸ ਬਿਊਰੋ ਦੇ ਧਿਆਨ ਵਿੱਚ ਲਿਆਂਦਾ ਅਤੇ ਅੱਜ ਵੀਜੀਲੈਂਸ ਬਿਊਰੋ ਵੱਲੋਂ ਲਗਾਏ ਗਏ ਟਰੈਪ ਦੌਰਾਨ ਉਕਤ ਚਰਨਜੀਤ ਸਿੰਘ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ।। ਇਸ ਸਬੰਧ ਵਿੱਚ ਪੁਲਸ ਵਿਜੀਲੈਂਸ ਨੇ ਥਾਣਾ ਅੰਮ੍ਰਿਤਸਰ ਵਿੱਚ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।