Canada ‘ਚ ਗ੍ਰਿਫ਼ਤਾਰ ਦੋ ਸਿੱਖਾਂ ਨੂੰ ਪੁਲਿਸ ਅਫ਼ਸਰਾਂ ਨੇ ਮੁਆਫ਼ੀ ਮੰਗ ਕੀਤਾ ਰਿਹਾਅ

by jaskamal

ਨਿਊਜ਼ ਡੈਸਕ : ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਸ਼ਨੀਵਾਰ ਸੰਸਦ ਨੇੜੇ ਇਕ ਵਾਹਨ ਵਿਚ ਸ਼ੱਕੀ ਬੰਬ ਸਮੱਗਰੀ ਹੋਣ ਦੀ ਜਾਣਕਾਰੀ ਮਿਲੀ ਸੀ। ਭਰੋਸੇਯੋਗ ਸੂਤਰ ਤੋਂ ਮਿਲੀ ਜਾਣਕਾਰੀ ਮਗਰੋਂ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਸੰਸਦ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਦੌਰਾਨ ਰੈਲੀ ਆਯੋਜਕ ਦੋ ਸਿੱਖਾਂ ਪਰਮਿੰਦਰ ਸਿੰਘ ਅਤੇ ਮਨਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬਾਅਦ 'ਚ ਅਫ਼ਸਰਾਂ ਨੇ ਮੁਆਫੀ ਮੰਗ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ੱਕੀ ਸਮੱਗਰੀ ਲਈ ਉਨ੍ਹਾਂ ਦੀ ਦਸਤਾਰ ਤੇ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ ਅਤੇ ਕੱਕਾਰ (ਕੜਾ, ਕਿਰਪਾਨ) ਉਤਾਰੇ ਗਏ।

ਇਹਨਾਂ ਸਿੱਖ ਸਮਾਗਮ ਦੇ ਦੋ ਆਯੋਜਕਾਂ ਦਾ ਕਹਿਣਾ ਹੈ ਕਿ ਬੰਬ ਦੀ ਧਮਕੀ ਦੇ ਸਬੰਧ ਵਿੱਚ ਗ਼ਲਤ ਤਰੀਕੇ ਨਾਲ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਅਜੇ ਵੀ ਸਦਮੇ ਵਿੱਚ ਹਨ। ਇਹ ਘਟਨਾ ਉਦੋਂ ਵਾਪਰੀ ਜਦ '84 ਦੀ ਯਾਦ 'ਚ ਕੁਝ ਸਿੱਖ ਉੱਥੇ ਰੈਲੀ ਕਰਨ ਲਈ ਪੁੱਜੇ ਸਨ ਤਾਂ ਪੁਲਸ ਨੇ ਉਨ੍ਹਾਂ ਨੂੰ ਸੰਸਦ ਨੇੜੇ ਨਿਰਧਾਰਤ ਜਗ੍ਹਾ 'ਚ ਨਾ ਜਾਣ ਦਿੱਤਾ। ਇਸ ਤੋਂ ਪਹਿਲਾਂ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਵਲੋਂ ਪੁਲਸ ਨੂੰ ਸੰਸਦ ਨੇੜੇ ਬੰਬ ਸਮੱਗਰੀ ਹੋਣ ਬਾਰੇ ਸੂਚਿਤ ਕੀਤਾ ਸੀ, ਜਿਸ ਨੂੰ ਅਧਿਕਾਰੀਆਂ ਨੇ ਬੇਹੱਦ ਗੰਭੀਰਤਾ ਨਾਲ ਲਿਆ ਅਤੇ ਸੰਸਦ 'ਚ ਮੈਂਬਰਾਂ ਅਤੇ ਸਟਾਫ ਨੂੰ ਵੀ ਸਾਵਧਾਨ ਕਰ ਦਿੱਤਾ ਗਿਆ।