ਮੱਕੀ ਦੇ ਖੇਤ ‘ਚੋਂ ਮਿਲੀ ਆਟੋ-ਚਾਲਕ ਦੀ ਲਾਸ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਪਿੰਡ ਢੱਡਾ 'ਚ ਮੱਕੀ ਦੇ ਖੇਤ ਵਿਚੋਂ ਪੁਲਿਸ ਨੂੰ 29 ਸਾਲ ਦੇ ਆਟੋ ਚਾਲਕ ਦੀ ਲਾਸ਼ ਬਰਾਮਦ ਹੋਈ ਹੈ। ਐੱਸ. ਐੱਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਹਜ਼ਾਰਾ ਨਿਵਾਸੀ ਪਲਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਬੀਤੇ ਦਿਨ ਸਵੇਰੇ ਜਦ ਖੇਤਾਂ ਵਿਚ ਪਾਣੀ ਚੈੱਕ ਕਰਨ ਲਈ ਗਿਆ ਤਾਂ ਉਥੇ ਉਸ ਨੇ ਮ੍ਰਿਤਕ ਪਿਆ ਮਿਲਿਆ। ਆਸ-ਪਾਸ ਪੁੱਛਗਿੱਛ ਕੀਤੀ ਪਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਜਾਂਚ ਕਰਨ ’ਤੇ ਮ੍ਰਿਤਕ ਦੀ ਪਛਾਣ ਗੌਰਵ ਰੱਤੀ ਪੁੱਤਰ ਸੁਰਿੰਦਰ ਕੁਮਾਰ ਨਿਵਾਸੀ ਦਕੋਹਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਸ਼ੁਭਮ ਰੱਤੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸ ਦਾ ਭਰਾ ਗੌਰਵ ਰੱਤੀ ਕਿਰਾਏ ’ਤੇ ਆਟੋ ਲੈ ਕੇ ਚਲਾਉਂਦਾ ਹੈ 'ਤੇ ਸ਼ੇਖੇ ਵਾਲੇ ਪਾਸੇ ਸਵਾਰੀਆਂ ਲੈ ਕੇ ਜਾਂਦਾ ਹੈ। ਉਹ ਘਰ ਤੋਂ ਆਟੋ ਲੈ ਕੇ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਉਨ੍ਹਾਂ ਨੇ ਕਈ ਥਾਵਾਂ ’ਤੇ ਉਸ ਦੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ।

ਉਨ੍ਹਾਂ ਨੂੰ ਸ਼ੱਕ ਸੀ ਕਿ ਗੌਰਵ ਸ਼ੇਖੇ ਵਾਲੇ ਪਾਸੇ ਕਿਤੇ ਆਟੋ ਲਾ ਕੇ ਆਰਾਮ ਕਰਨ ਲੱਗ ਪੈਂਦਾ ਸੀ, ਇਸ ਨੂੰ ਲੈ ਕੇ ਜਦੋਂ ਉਹ ਲੱਧੇਵਾਲੀ ਯੂਨੀਵਰਸਿਟੀ ਵੱਲੋਂ ਸ਼ੇਖੇ ਵੱਲ ਜਾਂਦੇ ਰਸਤੇ ’ਤੇ ਉਸ ਦੀ ਭਾਲ ਵਿਚ ਨਿਕਲੇ ਤਾਂ ਰਸਤੇ ਵਿਚ ਪਤਾ ਲੱਗਾ ਕਿ ਗੌਰਵ ਦੀ ਲਾਸ਼ ਪਿੰਡ ਹਾਜ਼ਾਰਾ ਨਿਵਾਸੀ ਕਿਸਾਨ ਵੱਲੋਂ ਠੇਕੇ ’ਤੇ ਵਾਹੀ ਲਈ ਲਏ ਖੇਤ ’ਚੋਂ ਮਿਲੀ ਹੈ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।