Chocolate ਦੇ ਸ਼ੌਕੀਨ ਹੋ ਜਾਣ ਸਾਵਧਾਨ; ਇਸ ਵੱਡੀ ਕੰਪਨੀ ਦੇ ਪਲਾਂਟ ‘ਚ ਮਿਲਿਆ ਖਤਰਨਾਕ ਬੈਕਟੀਰੀਆ

by jaskamal

ਨਿਊਜ਼ ਡੈਸਕ : ਦੁਨੀਆ ਦੇ ਸਭ ਤੋਂ ਵੱਡੇ ਚਾਕਲੇਟ ਪਲਾਂਟ 'ਚ ਸਾਲਮੋਨੇਲਾ ਬੈਕਟੀਰੀਆ ਪਾਇਆ ਗਿਆ ਹੈ। ਦੁਨੀਆ ਦਾ ਸਭ ਤੋਂ ਵੱਡਾ ਚਾਕਲੇਟ ਪਲਾਂਟ ਬੈਲਜੀਅਮ ਦੇ ਵਿਏਜ਼ ਸ਼ਹਿਰ ਚ ਬਣਾਇਆ ਗਿਆ ਹੈ, ਜਿੱਥੇ ਸਾਲਮੋਨੇਲਾ ਬੈਕਟੀਰੀਆ ਪਾਏ ਜਾਣ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਗਿਆ ਹੈ। ਇਹ ਪਲਾਂਟ ਬੈਰੀ ਕੈਲੇਬੌਟ ਕੰਪਨੀ ਦਾ ਹੈ ਅਤੇ ਇੱਥੇ ਤਰਲ ਚਾਕਲੇਟ ਬਣਾਈ ਜਾਂਦੀ ਹੈ। ਇਹ ਪਲਾਂਟ ਕਈ ਵੱਡੇ ਬ੍ਰਾਂਡਾਂ ਨੂੰ ਚਾਕਲੇਟ ਉਤਪਾਦਾਂ ਦੀ ਸਪਲਾਈ ਕਰਦਾ ਹੈ, ਜਿਸ ਵਿੱਚ ਹਰਸ਼ੇਜ਼, ਮੋਂਡੇਲੇਜ਼, ਨੇਸਲੇ ਅਤੇ ਯੂਨੀਲੀਵਰ ਸ਼ਾਮਲ ਹਨ। ਪਲਾਂਟ ਤੋਂ ਜਿੱਥੇ ਵੀ ਚਾਕਲੇਟ ਤੋਂ ਬਣੇ ਉਤਪਾਦ ਭੇਜੇ ਗਏ ਹਨ, ਉਨ੍ਹਾਂ ਸਾਰਿਆਂ ਨੂੰ ਬੈਕਟੀਰੀਆ ਦੀ ਮੌਜੂਦਗੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵਰਤਮਾਨ 'ਚ, ਡੀਲਰਾਂ ਨੂੰ ਉਤਪਾਦ ਵੇਚਣ ਦੀ ਮਨਾਹੀ ਕਰ ਦਿੱਤੀ ਗਈ ਹੈ।

ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਲਾਂਟ 'ਚ ਬੈਕਟੀਰੀਆ ਪਾਏ ਜਾਣ ਦੀ ਖ਼ਬਰ ਮਿਲਦਿਆਂ ਹੀ ਸਾਰੇ ਬ੍ਰਾਂਡਾਂ ਨੂੰ 25 ਜੂਨ ਤੋਂ ਕੋਈ ਵੀ ਉਤਪਾਦ ਵੇਚਣ ਦੀ ਮਨਾਹੀ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਬੈਲਜੀਅਮ ਫੂਡ ਸੇਫਟੀ ਏਜੰਸੀ AFSCA ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ।

ਕੀ ਹੈ ਸਾਲਮੋਨੇਲਾ ਬੈਕਟੀਰੀਆ ?

ਸਾਲਮੋਨੇਲਾ ਇਕ ਬੈਕਟੀਰੀਆ ਹੈ ਜੋ ਟਾਈਫਾਈਡ ਅਤੇ ਸਾਲਮੋਨੇਲੋਸਿਸ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਹ ਆਮ ਤੌਰ 'ਤੇ ਪੰਛੀਆਂ, ਜਾਨਵਰਾਂ ਤੇ ਮਨੁੱਖਾਂ ਦੀਆਂ ਅੰਤੜੀਆਂ ਨੂੰ ਪ੍ਰਭਾਵਿਤ ਕਰਦਾ ਹੈ। ਮਨੁੱਖਾਂ 'ਚ ਇਹ ਜ਼ਿਆਦਾਤਰ ਅੰਡੇ, ਕੱਚੇ ਮਾਸ ਜਾਂ ਇਸ ਤੋਂ ਬਣੀਆਂ ਚੀਜ਼ਾਂ ਜਾਂ ਗੰਦੇ ਫਲਾਂ ਤੇ ਸਬਜ਼ੀਆਂ ਰਾਹੀਂ ਫੈਲਦਾ ਹੈ। ਇਸ ਤੋਂ ਇਲਾਵਾ ਇਹ ਸੱਪਾਂ, ਕੱਛੂਆਂ ਤੇ ਕਿਰਲੀਆਂ ਦੁਆਰਾ ਵੀ ਫੈਲਦਾ ਹੈ। ਇਹ ਬੈਕਟੀਰੀਆ ਆਮ ਤੌਰ 'ਤੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸ਼ਿਕਾਰ ਬਣਾਉਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਾਲਮੋਨੇਲਾ ਬੈਕਟੀਰੀਅਲ ਇਨਫੈਕਸ਼ਨ ਦਾ ਪਤਾ 6 ਤੋਂ 36 ਘੰਟਿਆਂ ਦੇ ਅੰਦਰ ਲੱਗ ਜਾਂਦਾ ਹੈ। ਜੇਕਰ ਸਰੀਰ 'ਚ ਇਹ ਬੈਕਟੀਰੀਆ ਹੈ ਤਾਂ ਦਸਤ, ਪੇਟ ਦਰਦ, ਉਲਟੀਆਂ, ਬੁਖਾਰ, ਸਿਰ ਦਰਦ ਅਤੇ ਜੀਅ ਕੱਚਾ ਹੋਣਾ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ।