ਜਲਦ ਜ਼ਿਲ੍ਹਾ ਬਣੇਗਾ ਬਟਾਲਾ : ਪ੍ਰਤਾਪ ਬਾਜਵਾ

by vikramsehajpal

ਬਟਾਲਾ (ਦੇਵ ਇੰਦਰਜੀਤ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮਾਜੂਦਾ ਸਾਂਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਤਵਾਦ ਦੇ ਕਾਲੇ ਬੱਦਲਾਂ ਦੇ ਸਮੇਂ ਬਟਾਲਾ ਅਤੇ ਇਸ ਦੇ ਆਲੇ-ਦੁਆਲੇ ਪੈਂਦੇ ਪਿੰਡਾਂ ਦੇ ਲੋਕਾਂ ਨੇ ਦਹਿਸ਼ਤਗਰਦੀ ਦਾ ਪਹਿਲਾਂ ਬੜਾ ਸੰਤਾਪ ਹੰਡਾਇਆ ਹੈ। ਹੁਣ ਬਟਾਲਾ ਅਤੇ ਇਲਾਕੇ ਦੇ ਲੋਕਾਂ ਨੂੰ ਸੁੱਖ ਦੇਣ ਵਾਲਾ ਸਮਾਂ ਆ ਗਿਆ ਹੈ।

ਇਸ ਲਈ ਬਟਾਲਾ ਨੂੰ ਜਲਦ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜ਼ਿਲ੍ਹਾ ਬਣਾਉਣ ਦਾ ਹੁਕਮ ਦੇ ਸਕਦੇ ਹਨ, ਕਿਉਂਕਿ ਕੈਪਟਨ ਸਾਹਿਬ ਭਲੀ-ਭਾਂਤ ਜਾਣਦੇ ਹਨ ਕਿ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਟਾਲਾ ’ਚ ਚਰਨ ਛੋਹ ਪ੍ਰਾਪਤ ਹਨ ਅਤੇ ਉਨ੍ਹਾਂ ਦਾ ਗਰਿਸਤੀ ਜੀਵਨ ਵੀ ਇੱਥੋਂ ਸ਼ੁਰੂ ਹੋਇਆ ਸੀ।

ਬਾਜਵਾ ਨੇ ਕਿਹਾ ਕਿ ਇਸ ਲਈ ਧਾਰਮਿਕ ਭਾਵਨਾਂ ਨੂੰ ਮੁੱਖ ਰੱਖਦੇ ਹੋਏ ਅਤੇ ਲੋਕ ਹਿੱਤਾਂ ਲਈ ਬਟਾਲਾ ਨੂੰ ਜ਼ਿਲ੍ਹਾ ਬਣਾਉਣਾ ਅਤਿ ਜ਼ਰੂਰੀ ਹੋ ਗਿਆ ਹੈ। ਬਟਾਲਾ ’ਚ ਸਨਅਤ ਉਦਯੋਗ ਫੈਕਟਰੀਆਂ ਹੋਣ ਕਰਕੇ ਇਸ ਦੀ ਭਾਰਤ ਵਿਚ ਇੱਕ ਵੱਖਰੀ ਪਛਾਣ ਹੈ।

ਅੱਜ ਪੂਰੇ ਪ੍ਰਾਂਤ ਦਾ ਵਿਉਪਾਰੀ ਇੱਥੋਂ ਦੀਆਂ ਬਣਾਈਆਂ ਲੇਥ, ਟੂਲ ਮਸ਼ੀਨਾਂ ਅਤੇ ਕਈ ਤਰਾਂ ਦੇ ਔਜਾਰ ਜੋ ਭਾਰਤ ਮਾਨਿਕ ਬਿਊਰੋ ਤੋਂ ਰਜਿਸਟਰਡ ਹਨ (ਆਈ.ਐੱਸ.ਆਈ) ਮਾਰਕਾ ਹਨ। ਜੇਕਰ ਕਰੋੜਾਂ ਦੇ ਔਜ਼ਾਰ ਇੱਥੇ ਬਣਦੇ ਹਨ ਤਾਂ ਫਿਰ ਬਟਾਲਾ ਨੂੰ ਹਰ ਤਰਾਂ ਦਾ ਨਵੀਨੀਕਰਨ ਕਰਨਾ ਵੀ ਜ਼ਰੂਰੀ ਹੈ।

ਬਾਜਵਾ ਨੇ ਕਿਹਾ ਕਿ ਉਦਯੋਗ ਨੂੰ ਰਾਹਤ ਦੇਣ ਲਈ ਕੈਪਟਨ ਸਾਹਿਬ ਪਹਿਲਾਂ ਹੀ ਕਾਫ਼ੀ ਸੰਜੀਦਾ ਹਨ ਅਤੇ ਹੁਣ ਹੋਰ ਬੁਨਿਆਦੀ ਸਹੂਲਤਾਂ ਇੱਥੇ ਦਿੱਤੀਆਂ ਜਾ ਰਹੀਆਂ ਹਨ। ਜਿੱਥੇ ਕਿਰਸਾਨੀ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਗੰਨੇ ਦੇ ਰੇਟ ’ਚ ਵਾਧਾ ਕੀਤਾ ਹੈ, ਉੱਥੇ ਅਸੀ ਸੀ.ਐੱਮ ਸਾਹਿਬ ਦੇ ਧੰਨਵਾਦੀ ਹਾਂ ਅਤੇ ਕਿਸਾਨਾਂ ਤੇ ਕੇਂਦਰ ਵੱਲੋਂ ਥੋਪੇ ਗਏ ਤਿੰਨ ਕਾਲੇ ਕਾਨੂੰਨਾਂ ਦਾ ਕਾਂਗਰਸ ਸਰਕਾਰ ਵਿਰੋਧ ਕਰਦੀ ਹੈ।

ਕਿਸਾਨਾਂ ਦੇ ਹਰ ਮਸਲੇ ਨੂੰ ਹੱਲ ਕਰਨ ਲਈ ਅਸੀ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕਰਦੇ ਹਾਂ। ਇੱਕ ਵਾਰ ਫਿਰ ਦੇਸ਼ ਦੇ ਪ੍ਰਘਾਨ ਮੰਤਰੀ ਨੂੰ ਸੁਝਾਅ ਦਿੰਦਾ ਹਾਂ ਕਿ ਉਹ ਕਿਸਾਨਾਂ ਦੇ ਹਿੱਤ ’ਚ ਫ਼ੈਸਲਾ ਕਰਨ ਅਤੇ ਕਾਲੇ ਤਿੰਨ ਕਾਨੂੰਨ ਜਲਦ ਰੱਦ ਕਰਨ ਤਾਂ ਕਿ ਸਾਡੇ ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਨਾ ਰੁਲੇ ਅਤੇ ਪੰਜਾਬ ਮੁੜ ਕਿਰਸਾਨੀ ਧੰਦੇ ਨੂੰ ਪ੍ਰਫੁੱਲਤ ਕਰ ਸਕਣ