ਅਸਤੀਫ਼ਾ ਦੇਣ ਦੀ ਤਿਆਰੀ ‘ਚ ਭਗਵੰਤ ਮਾਨ! ਦੁਬਾਰਾ ਵੋਟਾਂ ਪਾਉਣਗੇ ਸੰਗਰੂਰੀਏ

by jaskamal

 ਨਿਊਜ਼ ਡੈਸਕ : 20 ਫਰਵਰੀ ਨੂੰ ਪੰਜਾਬ ਵਿਚ ਨਵੀਂ ਚੁਣੀ ਜਾਣ ਵਾਲੀ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ, ਜਿਸ ਦੇ ਨਤੀਜੇ 10 ਮਾਰਚ ਨੂੰ ਐਲਾਨ ਦਿੱਤੇ ਗਏ ਪਰ ਇਸ ਦੇ ਬਾਵਜੂਦ ਹਲਕਾ ਸੰਗਰੂਰ ਦੇ ਲੋਕਾਂ ਨੂੰ ਫਿਰ ਵੋਟਾਂ ਪਾਉਣ ਦਾ ਮੌਕਾ ਮਿਲੇਗਾ। ਦਰਅਸਲ ਦੇਸ਼ ਦੇ ਸੰਵਿਧਾਨ ਅਨੁਸਾਰ ਇਕ ਵਿਅਕਤੀ ਲੋਕ ਸਭਾ ਅਤੇ ਵਿਧਾਨ ਸਭਾ ਵਿਚ ਇਕੱਠੇ ਤੌਰ ’ਤੇ ਦੋਵੇਂ ਅਹੁਦੇ ਨਹੀਂ ਰੱਖ ਸਕਦਾ ਹੈ, ਜਿਸ ਲਈ ਲੋਕ ਸਭਾ ਜਾਂ ਵਿਧਾਨ ਸਭਾ ਵਿਚੋਂ ਇਕ ਸੀਟ ਚੁਣੀ ਜਾ ਸਕਦੀ ਹੈ। ਲਿਹਾਜ਼ਾ ਸਬੰਧਤ ਜੇਤੂ ਉਮੀਦਵਾਰ ਨੂੰ ਦੋਵਾਂ ਵਿਚੋਂ ਕਿਸੇ ਇਕ ਸੀਟ ਤੋਂ ਅਸਤੀਫ਼ਾ ਦੇਣਾ ਪੈਂਦਾ ਹੈ।

ਪੰਜਾਬ ਵਿਚ ਆਏ ਚੋਣ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਧੂਰੀ ਹਲਕੇ ਤੋਂ ਚੋਣ ਜਿੱਤੇ ਹਨ ਤੇ ਦੂਜੇ ਪਾਸੇ ਇਹ ਹਲਕਾ ਧੂਰੀ, ਜੋ ਕਿ ਲੋਕ ਸਭਾ ਹਲਕਾ ਸੰਗਰੂਰ 'ਚ ਆਉਂਦਾ ਹੈ ਤੋਂ ਭਗਵੰਤ ਮਾਨ ਹੀ ਲੋਕ ਸਭਾ ਦੇ ਮੈਂਬਰ ਹਨ। ਲਿਹਾਜ਼ਾ ਉਹ ਜਲਦੀ ਹੀ ਲੋਕ ਸਭਾ ਮੈਂਬਰੀ ਤੋਂ ਅਸਤੀਫ਼ਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਕਾਰਨ ਹਲਕਾ ਸੰਗਰੂਰ ਦੀ ਲੋਕਸਭਾ ਚੋਣ ਮੁੜ ਹੋਵੇਗੀ, ਜਿਸ ਦਾ ਸਮਾਂ ਬੇਸ਼ੱਕ ਕੇਂਦਰ ਸਰਕਾਰ ਸਮੇਤ ਨਵੀਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਜਾਵੇਗਾ ਪਰ ਹਲਕਾ ਸੰਗਰੂਰ ਦੇ 15 ਲੱਖ ਵੋਟਰਾਂ ਨੂੰ ਫਿਰ ਵੋਟਾਂ ਪਾਉਣ ਦਾ ਜਲਦੀ ਹੀ ਇਕ ਹੋਰ ਮੌਕਾ ਮਿਲੇਗਾ।