ਪਟਿਆਲਾ (ਪਾਇਲ): ਨਸ਼ੇ ਵਿਰੋਧੀ ਵਿਗਿਆਨਕ ਅਤੇ ਕਾਨੂੰਨੀ ਤੌਰ ’ਤੇ ਜਾਂਚ ਸਬੰਧੀ ਟਰੇਨਿੰਗ ਦੇਣ ਹਿਤ ਅੱਜ ਇੱਥੇ ਲਾਅ ਯੂਨੀਵਰਸਿਟੀ ਵਿਖੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ 6 ਰੋਜ਼ਾ ਇੱਕ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਟ੍ਰੇਨਿੰਗ ਪਰੋਗਰਾਮ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਅਪਰਾਧੀਆਂ ਵੱਲੋਂ ਵੱਖ-ਵੱਖ ਢੰਗ ਤਰੀਕੇ ਅਪਣਾਏ ਜਾਂਦੇ ਹਨ ਉੱਥੇ ਹੀ ਪੁਲੀਸ ਨੂੰ ਸਮੇਂ ਦੀ ਹਾਣੀ ਬਣਾਉਣਾ ਵੀ ਲਾਜ਼ਮੀ ਪਹਿਲੂ ਹੈ।
ਜਿਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ਬਿਹਤਰ ਹੈ ਪਰ ਇਸ ਦੇ ਨਾਲ ਨਾਲ ਅਪਡੇਟ ਹੋਣਾ ਵੀ ਜਰੂਰੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਪੁਲੀਸ ਵਿੱਚ ਹੋਰ ਭਰਤੀ ਕਰਕੇ ਇਸ ਦੀ ਨਫਰੀ ਇੱਕ ਲੱਖ ਤੱਕ ਪਹੁੰਚਾਈ ਜਾਵੇਗੀ।
ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਚ ਪੁਲੀਸ ਨੂੰ ਖੁੱਲ ਕੇ ਕੰਮ ਕਰਨ ’ਤੇ ਜ਼ੋਰ ਦਿੰਦਿਆਂ, ਉਨ੍ਹਾਂ ਇਸ ਮਾਮਲੇ ’ਚ ਰਾਜਸੀ ਦਖਲ ਅੰਦਾਜ਼ੀ ਦੀ ਉਕਾ ਹੀ ਕੋਈ ਗੁੰਜਾਇਜ਼ ਨਾ ਹੋਣ ਦੀ ਗੱਲ ਵੀ ਆਖੀ। ਇਸ ਦੌਰਾਨ ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਰਜਿਸਟਰਾਰ ਨੇ ਵੀ ਵਿਚਾਰ ਪੇਸ਼ ਕੀਤੇ।
ਇਸ ਮੌਕੇ ਡਾ: ਬਲਬੀਰ ਸਿੰਘ ਸਿਹਤ ਮੰਤਰੀ, ਕੁਲਦੀਪ ਸਿੰਘ ਸਪੈਸ਼ਲ ਡੀ.ਜੀ.ਪੀ. ਏ ਐੱਨ ਟੀ ਐੱਫ਼, ਨਿਰਲਭ ਕਿਸ਼ੋਰ ਡੀ ਜੀ ਪੀ (ਏ ਐਨ ਟੀ ਐਫ), ਕੁਲਦੀਪ ਸਿੰਘ ਚਾਹਲ ਡੀ ਆਈ ਜੀ ਪਟਿਆਲਾ ਰੇਂਜ ਪਟਿਆਲਾ, ਐੱਸ.ਕੇ. ਰਾਮਪਾਲ, ਡੀ.ਆਈ.ਜੀ, ਏ.ਐੱਨ.ਟੀ.ਐੱਫ, ਡਾ: ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਪਟਿਆਲਾ, ਪਰਮਜੀਤ ਸਿੰਘ ਕਮਿਸ਼ਨਰ ਨਗਰ ਨਿਗਮ ਪਟਿਆਲਾ ਸਮੇਤ ਹੋਰ ਅਫਸਰ ਮੌਜੂਦ ਸਨ।



