
ਚੰਡੀਗੜ੍ਹ (ਰਾਘਵ) : ਸਿਹਤ ਵਿਭਾਗ ਲੰਬੇ ਸਮੇਂ ਤੋਂ ਸਟਾਫ਼ ਦੀ ਘਾਟ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ, ਜਿਸ 'ਚ ਗਾਇਨੀਕੋਲੋਜੀ, ਰੇਡੀਓਲੋਜਿਸਟ ਅਤੇ ਮੈਡੀਕਲ ਅਫ਼ਸਰਾਂ ਸਮੇਤ 6 ਵਿਭਾਗ ਸ਼ਾਮਲ ਹਨ। ਵਾਰ-ਵਾਰ ਇਸ਼ਤਿਹਾਰ ਦੇਣ ਦੇ ਬਾਵਜੂਦ ਡਾਕਟਰ ਕੋਈ ਦਿਲਚਸਪੀ ਨਹੀਂ ਲੈ ਰਹੇ ਹਨ। ਘੱਟ ਤਨਖ਼ਾਹ ਨੂੰ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹ ਹੈ। ਹੁਣ ਸਿਹਤ ਵਿਭਾਗ ਸਾਰੇ ਸਿਵਲ ਹਸਪਤਾਲਾਂ 'ਚ ਸ਼ਾਮ ਦੀ ਓ. ਪੀ. ਡੀ. ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜੀ. ਐੱਮ. ਐੱਸ. ਐੱਚ. ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਪ੍ਰਸ਼ਾਸਨ ਯੋਜਨਾ ਜ਼ਰੂਰ ਬਣਾ ਰਿਹਾ ਹੈ ਪਰ ਇਸਨੂੰ ਸ਼ੁਰੂ ਕਰਨਾ ਬਹੁਤ ਮੁਸ਼ਕਲ ਹੈ।
ਸ਼ਾਮ ਦੀ ਓ. ਪੀ. ਡੀ. ਸ਼ੁਰੂ ਕਰਨ ਲਈ ਸਾਰੇ ਸਟਾਫ਼ ਨੂੰ ਵੱਖਰੇ ਤੌਰ ’ਤੇ ਨਿਯੁਕਤ ਕਰਨਾ ਪਵੇਗਾ, ਜੋ ਕਿ ਆਪਣੇ ਆਪ 'ਚ ਇਕ ਚੁਣੌਤੀ ਹੈ। ਖ਼ਾਸ ਕਰਕੇ ਉਦੋਂ, ਜਦੋਂ ਸ਼ਹਿਰ 'ਚ ਕਰੀਬ 50 ਸਿਹਤ ਕੇਂਦਰ ਹਨ। ਹਸਪਤਾਲ ਦੇ ਕਈ ਸੀਨੀਅਰ ਡਾਕਟਰ ਇਸ ਦੇ ਹੱਕ 'ਚ ਨਹੀਂ ਹਨ ਪਰ ਪ੍ਰਸ਼ਾਸਨ ਇਸ ਨੂੰ ਸ਼ੁਰੂ ਕਰਨ ਲਈ ਬਹੁਤ ਗੰਭੀਰ ਹੈ। ਸਟਾਫ਼ ਅਨੁਸਾਰ ਸ਼ਹਿਰ ਦੇ ਤਿੰਨ ਸਿਵਲ ਹਸਪਤਾਲਾਂ 'ਚ ਕੋਈ ਸਪੈਸ਼ਲਿਸਟ ਨਹੀਂ ਹੈ। ਅਜਿਹੀ ਸਥਿਤੀ 'ਚ ਸਾਰੇ ਸਿਹਤ ਕੇਂਦਰਾਂ 'ਚ ਸ਼ਾਮ ਦੀ ਓ. ਪੀ. ਡੀ. ਸ਼ੁਰੂ ਕਰਨ ਦੀ ਬਜਾਏ ਸਿਵਲ ਹਸਪਤਾਲਾਂ 'ਚ ਸਪੈਸ਼ਲਿਸਟ ਨਿਯੁਕਤ ਕੀਤੇ ਜਾਣ ਤਾਂ ਮਰੀਜ਼ਾਂ ਨੂੰ ਵਧੇਰੇ ਸਹੂਲਤ ਮਿਲੇਗੀ। ਸਪੈਸ਼ਲਿਸਟ ਨਾਂ ਹੋਣ ਕਾਰਨ ਸਿਵਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ 'ਚ ਮਰੀਜ਼ਾਂ ਨੂੰ ਜੀ. ਐੱਮ. ਐੱਸ. ਐੱਚ., ਜੀ. ਐੱਮ. ਸੀ. ਐੱਚ. ਜਾ ਪੀ.ਜੀ.ਆਈ. ਜਾਣਾ ਪੈਂਦਾ ਹੈ।
ਹਸਪਤਾਲ ਪ੍ਰਸ਼ਾਸਨ ਅਨੁਸਾਰ ਸ਼ਾਮ ਦੀ ਓ. ਪੀ. ਡੀ. ਸ਼ੁਰੂ ਕਰਨ ਦੀ ਯੋਜਨਾ ਚੰਗੀ ਹੈ, ਪਰ ਮੌਜੂਦਾ ਸਟਾਫ਼ ਦੇ ਨਾਲ ਇਹ ਮੁਸ਼ਕਲ ਹੈ। ਹਸਪਤਾਲ ਪਹਿਲਾਂ ਹੀ ਸਟਾਫ਼ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਕਈ ਸਾਲਾਂ ਤੋਂ ਸਿਹਤ ਵਿਭਾਗ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਤੋਂ ਡੈਪੂਟੇਸ਼ਨ ’ਤੇ ਡਾਕਟਰਾਂ ਦੀ ਨਿਯੁਕਤੀ ਕਰ ਰਿਹਾ ਹੈ ਪਰ ਜੀ. ਐੱਮ. ਐੱਸ. ਐੱਚ. ਹਾਲੀਆ ਆਡਿਟ ਰਿਪੋਰਟ ਦਰਸਾਉਂਦੀ ਹੈ ਕਿ 721 ਮਨਜ਼ੂਰਸ਼ੁਦਾ ਅਸਾਮੀਆਂ 'ਚੋਂ ਸਿਰਫ਼ 476 ਨਿਯਮਤ ਕਰਮਚਾਰੀਆਂ ਵਲੋਂ ਭਰੀਆਂ ਗਈਆਂ ਹਨ। 245 ਅਸਾਮੀਆਂ (33.98 ਪ੍ਰਤੀਸ਼ਤ) ਡੈਪੂਟੇਸ਼ਨ ’ਤੇ ਹਨ। 100 ਫ਼ੀਸਦੀ ਤੋਂ ਵੱਧ ਅਸਾਮੀਆਂ ਖ਼ਾਲੀ ਹਨ।