ਵੱਡਾ ਖੁਲਾਸਾ : Moosewala ‘ਤੇ ਹਮਲੇ ਦੌਰਾਨ ਸਿੱਧੂ ਦੇ ਪਿਸਤੌਲ ‘ਚ ਸਨ ਸਿਰਫ਼ 2 ਹੀ ਗੋਲ਼ੀਆਂ

by jaskamal

ਨਿਊਜ਼ ਡੈਸਕ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਇਕ ਨਵਾਂ ਖੁਲਾਸਾ ਹੋਇਆ ਹੈ, ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ 'ਤੇ ਜਦ ਹਮਲਾ ਹੋਇਆ ਤਾਂ ਉਸ ਸਮੇਂ ਉਸ ਦੇ ਕੋਲ ਜੋ ਪਿਸਤੌਲ ਸੀ, ਉਸ 'ਚ ਸਿਰਫ਼ ਦੋ ਹੀ ਗੋਲੀਆਂ ਸੀ। ਇਸ ਖੁਲਾਸੇ ਤੋਂ ਬਾਅਦ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਸਾਜ਼ਿਸ਼ ਤਹਿਤ ਮੂਸੇਵਾਲਾ ਦੀ 45 ਬੋਰ ਦੀ ਪਿਸਤੌਲ 'ਚੋਂ ਬਾਕੀ ਦੀਆਂ ਗੋਲੀਆਂ ਕੱਢ ਲਈਆਂ ਸਨ। ਇਸ ਸਾਜ਼ਿਸ਼ 'ਚ ਕੌਣ ਸ਼ਾਮਲ ਹੈ, ਇਸ ਦਾ ਅਜੇ ਤਕ ਕੋਈ ਖੁਲਾਸਾ ਨਹੀਂ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕੋਲ ਜੋ ਪਿਸਤੌਲ ਸੀ ਉਸ 'ਚ ਕੁੱਲ 9 ਗੋਲੀਆਂ ਲੋਡ ਕੀਤੀਆਂ ਜਾ ਸਕਦੀਆਂ ਹਨ। ਘਟਨਾ ਦੇ ਸਮੇਂ ਮੂਸੇਵਾਲਾ ਨੇ ਖੁਦ ਨੂੰ ਜਦ ਘਿਰਿਆ ਹੋਇਆ ਪਾਇਆ ਤਾਂ ਉਸ ਨੇ ਪਿਸਤੌਲ ਕੱਢ ਕੇ ਫਾਇਰਿੰਗ ਕੀਤੀ, ਜਿਸ 'ਚੋਂ ਸਿਰਫ਼ 2 ਹੀ ਗੋਲੀਆਂ ਨਿਕਲੀਆਂ। ਇਸ ਗੱਲ ਦਾ ਖੁਲਾਸਾ ਮੂਸੇਵਾਲਾ ਨਾਲ ਮੌਜੂਦ ਉਸ ਦੇ ਸਾਥੀ ਨੇ ਇਕ ਵਿਧਾਇਕ ਦੇ ਸਾਹਮਣੇ ਕੀਤਾ ਹੈ। ਜਿਸ ਸਮੇਂ ਹਮਲਾਵਰਾਂ ਦੀ ਗੱਡੀ ਮੂਸੇਵਾਲਾ ਦਾ ਪਿੱਛਾ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਖ਼ਤਰਾ ਉਨ੍ਹਾਂ ਦੇ ਪਿੱਛੇ ਹੈ। ਅਜੇ ਇਹ ਚਰਚਾ ਚੱਲ ਹੀ ਰਹੀ ਸੀ ਕਿ ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਦੇ ਟਾਇਰ 'ਤੇ ਗੋਲੀਆਂ ਚਲਾ ਦਿੱਤੀਆਂ।