Bikram Majithia ਦੀ ਜਾਨ ਨੂੰ ਜੇਲ੍ਹ ‘ਚ ਗੰਭੀਰ ਖ਼ਤਰਾ : ਅਕਾਲੀ ਦਲ

by jaskamal

ਨਿਊਜ਼ ਡੈਸਕ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਜੇਲ੍ਹ 'ਚ ਗੰਭੀਰ ਖ਼ਤਰਾ ਹੈ। ਏਡੀਜੀਪੀ ਹਰਪ੍ਰੀਤ ਸਿੱਧੂ ਦੀ ਨਿਯੁਕਤੀ ਇਸੇ ਕਾਰਨ ਕੀਤੀ ਗਈ ਤਾਂ ਜੋ ਮਜੀਠੀਆ ਨੂੰ ਇਕ ਹੋਰ ਝੂਠੇ ਕੇਸ ’ਚ ਫਸਾਇਆ ਜਾ ਸਕੇ। ਅੱਜ ਇਸ ਮਾਮਲੇ ਨੂੰ ਉਜਾਗਰ ਕਰਦਿਆਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕਾ ਵੱਲੋਂ DGP ਨੂੰ ਲਿਖੇ ਪੱਤਰ, ਜਿਸ ਦੀ ਕਾਪੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਗਈ ਹੈ, ਦਾ ਹਵਾਲਾ ਦਿੰਦਿਆਂ ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਸਿੱਧੂ ਨੂੰ ADGP ਜੇਲ੍ਹਾਂ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ ਤੇ ਮਾਮਲੇ 'ਚ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਮਜੀਠੀਆ ਦੇ ਪਰਿਵਾਰ ਦੇ ਮਨਾਂ ਤੇ ਅਕਾਲੀ ਦਲ ਦੇ ਮਨ ਵਿਚ ਇਹ ਖਦਸ਼ਾ ਹੈ ਕਿ ਹਰਪ੍ਰੀਤ ਸਿੱਧੂ ਦੀ ਨਿਯੁਕਤੀ ਇਸ ਵਾਸਤੇ ਕੀਤੀ ਗਈ ਕਿ ਮਜੀਠੀਆ ’ਤੇ ਝੂਠੀ ਬਰਾਮਦਗੀ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਧੂ ਇਕ ਨਾਕਾਬਲ ਅਫਸਰ ਹਨ, ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਮਜੀਠੀਆ ਖਿਲਾਫ ਕਿੜ੍ਹਾਂ ਕੱਢਣ ਲਈ ਵਰਤਿਆ ਤੇ ਹੁਣ ਵੀ ਸਿੱਧੂ ਦੀ ਨਿਯੁਕਤੀ ਆਮ ਆਦਮੀ ਪਾਰਟੀ ਸਰਕਾਰ ਨੇ ਸਿਰਫ ਮਜੀਠੀਆ ਨੂੰ ਇਕ ਹੋਰ ਮਾਮਲੇ ਵਿਚ ਫਸਾਉਣ ਲਈ ਕੀਤੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਮਜੀਠੀਆ ਤੇ ਹਰਪ੍ਰੀਤ ਸਿੱਧੂ ਦੇ ਪਰਿਵਾਰਾਂ ਵਿਚਾਲੇ ਕਾਫੀ ਦੁਸ਼ਮਣੀ ਬਣੀ ਹੋਈ ਹੈ ਤੇ  ਸਿੱਧੂ ਸਾਬਕਾ ਮੰਤਰੀ ਨਾਲ ਕਿੜ੍ਹਾਂ ਕੱਢਣ ਵਾਸਤੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ।