ਮੁੰਡੇ ਦੀ ਥਾਂ ਧੀ ਨੂੰ ਦਿੱਤਾ ਜਨਮ, ਜ਼ਿੰਦਾ ਦਫਨਾਈ ਨਵਜੰਮੀ ਧੀ ਤੇ ਪਤਨੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਰਾਜ ਪੰਜਾਬ ਦੇ ਸ਼ਹਿਰ ਗੁਜ਼ਰਾਂਵਾਲਾ ’ਚ ਇਕ ਜਨਾਨੀ ਅਤੇ ਉਸ ਦੀ ਨਵ-ਜਨਮੀ ਬੱਚੀ ਨੂੰ ਜੀਉਂਦਾ ਜ਼ਮੀਨ ’ਚ ਦਫ਼ਨਾ ਕੇ ਮਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਜ਼ਰਾਂਵਾਲਾ ਵਾਸੀ ਅਤੀਕ ਮੁਹੰਮਦ ਦੀ ਪਤਨੀ ਬਸ਼ੀਰਾ ਗਰਭਵਤੀ ਸੀ ਅਤੇ ਉਸ ਦੀਆਂ ਪਹਿਲਾਂ ਤੋਂ ਦੋ ਕੁੜੀਆਂ ਸਨ।

ਇਸ ਵਾਰ ਅਤੀਕ ਮੁਹੰਮਦ ਅਤੇ ਬਸ਼ੀਰਾ ਨੇ ਕਿਸੇ ਫਕੀਰ ਦੇ ਕਹਿਣ ’ਤੇ ਮੁੰਡੇ ਦੀ ਚਾਹਤ ਦੇ ਚੱਲਦੇ ਕਾਫ਼ੀ ਟੋਟਕੇ ਵੀ ਕੀਤੇ। ਬੀਤੇ ਦਿਨ ਬਸ਼ੀਰਾ ਨੇ ਫਿਰ ਇਕ ਕੁੜੀ ਨੂੰ ਜਨਮ ਦਿੱਤਾ। ਕੁੜੀ ਦਾ ਜਨਮ ਹੋਣ ’ਤੇ ਪਤੀ ਅਤੀਕ ਮੁਹੰਮਦ ਨੇ ਆਪਣੀ ਮਾਂ ਬੇਲਾ ਬੀਬੀ ਨਾਲ ਮਿਲ ਕੇ ਪਹਿਲਾਂ ਬਸ਼ੀਰਾ ਨੂੰ ਬੇਹੋਸ਼ੀ ਵਾਲੀ ਦਵਾ ਪਿਲਾ ਦਿੱਤੀ।

ਜਦ ਉਹ ਬੇਹੋਸ਼ ਹੋ ਗਈ ਤਾਂ ਬਸ਼ੀਰਾ ਅਤੇ ਨਵਜਨਮੀ ਕੁੜੀ ਨੂੰ ਘਰ ਦੇ ਪਿੱਛੇ ਬਣੇ ਬਾਗ ਵਿਚ ਟੋਇਆ ਪੁੱਟ ਕੇ ਰਾਤ ਨੂੰ ਹੀ ਜੀਉਂਦਾ ਦਫ਼ਨਾ ਦਿੱਤਾ। ਬਸ਼ੀਰਾ ਦੇ ਪੇਕੇ ਇਹ ਸੰਦੇਸ਼ ਭੇਜ ਦਿੱਤਾ ਕਿ ਬਸ਼ੀਰਾ ਬੱਚੀ ਸਮੇਤ ਲਾਪਤਾ ਹੋ ਗਈ ਹੈ। ਜਦ ਬਸ਼ੀਰਾ ਦੇ ਪੇਕੇ ਵਾਲੇ ਗੁਜ਼ਰਾਂਵਾਲ ਪਹੁੰਚੇ ਤਾਂ ਉਨ੍ਹਾਂ ਨੇ ਬਸ਼ੀਰਾ ਦੇ ਲਾਪਤਾ ਹੋਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ।

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਜਦੋਂ ਘਰ ਦੇ ਪਿੱਛੇ ਬਣੇ ਬਾਗ ਵਿਚ ਤਾਜ਼ਾ ਮਿੱਟੀ ਪੁੱਟੀ ਵੇਖੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਪੁਲਿਸ ਨੇ ਅਤੀਕ ਮੁਹੰਮਦ ਅਤੇ ਬੇਲਾ ਬੀਬੀ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਅਤੇ ਦੋਸ਼ੀ ਫ਼ਰਾਰ ਹੋ ਗਏ।