
ਚੰਡੀਗੜ੍ਹ (ਰਾਘਵ): ਜ਼ੀਰਕਪੁਰ 'ਚ ਸਥਿਤ ਛੱਤਬੀੜ ਚਿੜੀਆਘਰ 'ਚ ਐਤਵਾਰ ਨੂੰ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਦਰਅਸਲ ਸੈਲਾਨੀਆਂ ਨਾਲ ਭਰੀ ਇਕ ਬੈਟਰੀ ਫੇਰੀ ਬੇਕਾਬੂ ਹੋ ਕੇ ਪਲਟ ਗਈ। ਇਸ ਕਾਰਨ ਉਸ 'ਚ ਸਵਾਰ ਕਈ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ। ਘਟਨਾ ਤੋਂ ਤੁਰੰਤ ਬਾਅਦ ਜ਼ਖਮੀ ਲੋਕਾਂ ਨੂੰ ਪਿੰਡ ਛੱਤ ਦੇ ਹੈਲਥ ਸੈਂਟਰ 'ਚ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਬੀਤੇ ਐਤਵਾਰ ਸ਼ਾਮ ਕਰੀਬ ਪੌਣੇ 4 ਵਜੇ ਦੀ ਦੱਸੀ ਜਾ ਰਹੀ ਹੈ। ਸੂਚਨਾ ਮੁਤਾਬਕ ਫੇਰੀ 'ਚ ਕਰੀਬ 2 ਪਰਿਵਾਰ ਬੈਠੇ ਸਨ। ਇਨ੍ਹਾਂ 'ਚ ਬੱਚੇ, ਬਜ਼ੁਰਗ ਅਤੇ ਔਰਤਾਂ ਸ਼ਾਮਲ ਸਨ। ਚਿੜੀਆਘਰ ਦੇ ਪ੍ਰਬੰਧਕਾਂ ਮੁਤਾਬਕ 2 ਬੱਚੇ ਖੇਡਦੇ ਹੋਏ ਅਚਾਨਕ ਫੇਰੀ ਸਾਹਮਣੇ ਆ ਗਏ, ਜਿਨ੍ਹਾਂ ਨੂੰ ਬਚਾਉਣ ਦੇ ਚੱਕਰ 'ਚ ਇਹ ਹਾਦਸਾ ਵਾਪਰਿਆ ਪਰ ਉੱਥੇ ਮੌਜੂਦ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਫੇਰੀ ਦਾ ਡਰਾਈਵਰ ਮੋਬਾਇਲ ਦਾ ਇਸਤੇਮਾਲ ਕਰ ਰਿਹਾ ਸੀ ਤਾਂ ਇਹ ਹਾਦਸਾ ਵਾਪਰਿਆ ਹੈ। ਚਿੜੀਆਘਰ ਦੇ ਪੀ. ਆਰ. ਓ. ਹਰਪਾਲ ਸਿੰਘ ਨੇ ਦੱਸਿਆ ਕਿ ਅਚਾਨਕ ਬੱਚੇ ਸਾਹਮਣੇ ਆਉਣ ਕਾਰਨ ਫੇਰੀ ਸੜਕ ਤੋਂ ਹੇਠਾਂ ਉਤਰ ਗਈ ਸੀ ਪਰ ਪਲਟੀ ਨਹੀਂ ਸੀ। ਜਦੋਂ ਫੇਰੀ ਨੂੰ ਬਾਹਰ ਕੱਢਣ ਲੱਗੇ ਤਾਂ ਉਸ ਵੇਲੇ ਫੇਰੀ ਪਲਟ ਗਈ।
ਉਨ੍ਹਾਂ ਨੇ ਦੱਸਿਆ ਕਿ ਇਕ ਪਰਿਵਾਰ ਜ਼ੀਰਕਪੁਰ ਦਾ ਲੋਕਲ ਹੈ ਅਤੇ ਦੂਜਾ ਪਰਿਵਾਰ ਬਾਹਰ ਦਾ ਹੈ। ਉਨ੍ਹਾਂ ਨੇ ਦੱਸਿਆ ਕਿ 2 ਬਜ਼ੁਰਗਾਂ ਦਾ ਨਿੱਜੀ ਹਸਪਤਾਲ 'ਚ ਚੈੱਕਅਪ ਕਰਵਾ ਦਿੱਤਾ ਗਿਆ ਹੈ। ਅਸੀਂ ਫਿਰ ਵੀ ਪਰਿਵਾਰਾਂ ਤੋਂ ਲਿਖ਼ਤੀ ਸ਼ਿਕਾਇਤ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ। ਜੇਕਰ ਡਰਾਈਵਰ ਦੀ ਕੋਈ ਗਲਤੀ ਹੋਈ ਤਾਂ ਉਸ ਦੇ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ। ਇਸ ਲਈ ਚਿੜੀਆਘਰ ਦੇ ਪ੍ਰਬੰਧਕਾਂ ਵਲੋਂ ਇਕ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ 9 ਸਾਲਾਂ ਤੋਂ 30 ਗਲਫ ਕਾਰਟ (ਫੇਰੀਆਂ) ਅਤੇ 2 ਟਰੇਨਾਂ ਚੱਲ ਰਹੀਆਂ ਹਨ ਪਰ ਅੱਜ ਤੱਕ ਕੋਈ ਹਾਦਸਾ ਨਹੀਂ ਹੋਇਆ ਹੈ। ਇਹ ਪਹਿਲਾ ਹਾਦਸਾ ਹੈ, ਜਿਸ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।