ਕਾਂਗਰਸ ਦਾ ਇਤਿਹਾਸ ਹੀ ਜਾਸੂਸੀ ਦਾ ਰਿਹੈ : ਰਵੀ ਸ਼ੰਕਰ ਪ੍ਰਸਾਦ

by vikramsehajpal

ਦਿੱਲੀ (ਦੇਵ ਇੰਦਰਜੀਤ) : ਇਜ਼ਰਾਇਲ ਦੇ ਪੇਗਾਸੁਸ ਸਾਫਟਵੇਅਰ ਰਾਹੀਂ ਫੋਨ ਟੈਪਿੰਗ ਦੀ ਰਿਪੋਰਟ ਆਉਣ ਤੋਂ ਬਾਅਦ ਸਾਬਕਾ ਆਈ.ਟੀ. ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ’ਤੇ ਜ਼ੋਰਦਾਰ ਹਮਲਾ ਕੀਤਾ ਹੈ। ਸਾਬਕਾ ਆਈ.ਟੀ. ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਾਂਗਰਸ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਹੀ ਜਾਸੂਸੀ ਦਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਵਾਇਰ ਦੀਆਂ ਖਬਰਾਂ ਪਹਿਲਾਂ ਵੀ ਝੂਠੀਆਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਐਮਨੇਸਟੀ ਇੰਟਰਨੈਸ਼ਨਲ ਦਾ ਰਵੱਈਆ ਵੀ ਹਮੇਸ਼ਾ ਭਾਰਤ ਵਿਰੋਧੀ ਰਿਹਾ ਹੈ।

ਇਸ ਤੋਂ ਪਹਿਲਾਂ ਕਾਂਗਰਸ ਨੇ ਜਾਸੂਸੀ ਕਾਂਡ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਨੇ ਰਾਹੁਲ ਗਾਂਧੀ ਸਮੇਤ ਆਪਣੇ ਖੁਦ ਦੇ ਮੰਤਰੀਆਂ ਦੀ ਫੋਨ ਟੈਪਿੰਗ ਕਰਵਾਈ ਹੈ। ਇਹ ਦੇਸ਼ ਧ੍ਰੋਹ ਦਾ ਮਾਮਲਾ ਹੈ ਇਸ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਰਣਦੀਪ ਸੁਰਜੇਵਾਲਾ ਨੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਟੈਪਿੰਗਜੀਵੀ ਜੀ, ਰਾਜਨੀਤਿਕ ਵਿਰੋਧੀਆਂ ਦੇ ਨਾਲ-ਨਾਲ ਹੁਣ ਪੱਤਰਕਾਰ, ਜੱਜ, ਉਦਯੋਗਪਤੀ, ਖੁਦ ਦੇ ਸੀਨੀਅਰ ਮੰਤਰੀ ਅਤੇ ਇਥੋਂ ਤਕ ਦੀ ਆਰ.ਐੱਸ.ਐੱਸ. ਦੀ ਲੀਡਰਸ਼ਿਪ ਨੂੰ ਵੀ ਨਹੀਂ ਬਖਸ਼ਿਆ, ਤੁਸੀਂ ਤਾਂ। ਠੀਕ ਹੀ ਕਿਹਾ- ਅਬਕੀ ਬਾਰ, ਜਾਸੂਸ ਸਰਕਾਰ!

ਸੁਰਜੇਵਾਲਾ ਨੇ ਕਿਹਾ ਕਿ ਹੁਣ ਜਨਤਕ ਤੌਰ ’ਤੇ ਸਮਾਚਾਰ ਪੱਤਰਾਂ ਅਤੇ ਨਿਊਜ਼ ਪੋਰਟਲ ਦੀਆਂ ਖਬਰਾਂ ਰਾਹੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਹ ਚੀਜ਼ ਸਾਹਮਣੇ ਆਈ ਹੈ ਕਿ ਮੋਦੀ ਸਰਕਾਰ ਇਜ਼ਰਾਇਲੀ ਸਪਾਈ ਸਾਫਟਵੇਅਰ ਪੇਗਾਸੁਸ ਰਾਹੀਂ ਦੇਸ਼ ਦੇ ਸਨਮਾਨਿਤ ਜੱਜ ਅਤੇ ਸਨਮਾਨਿਤ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਦੀ, ਸੰਵਿਧਾਨਿਕ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਦੀ, ਖੁਦ ਦੇ ਮੰਤਰੀਆਂ ਦੀ, ਵਿਰੋਧੀ ਨੇਤਾਵਾਂ ਦੀ ਅਤੇ ਪੱਤਰਕਾਰਾਂ, ਵਕੀਲਾਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਦੀ ਜਾਸੂਸੀ ਕਰਵਾ ਰਹੀ ਹੈ। ਕਾਂਗਰਸ ਨੇ ਇਹ ਵੀ ਕਿਹਾ ਕਿ ਸਿਰਫ ਰਾਹੁਲ ਗਾਂਧੀ ਹੀ ਨਹੀਂ ਸਗੋਂ ਵਿਰੋਧੀ ਧਿਰ ਦੇ ਦੂਜੇ ਨੇਤਾਵਾਂ ਦੀ ਵੀ ਜਾਸੂਸੀ ਕਰਵਾਈ ਗਈ ਹੈ।