JNU ’ਚ ਮੁੜ ਵਿਵਾਦ ਭਿੜੇ ABVP ਤੇ ਲੈਫਟ ਦੇ ਵਿਦਿਆਰਥੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਕ ਵਾਰ ਮੁੜ ਵਿਵਾਦਾਂ ’ਚ ਹੈ। ਜੇ. ਐੱਨ. ਯੂ. ’ਚ ਰਾਮ ਨੌਮੀ ’ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਲੈਫਟ ਦਰਮਿਆਨ ਰਾਮ ਨੌਮੀ ਪੂਜਾ ਅਤੇ ਨਾਨਵੈਜ ਖਾਣ ਨੂੰ ਲੈ ਕੇ ਵਿਵਾਦ ਹੋ ਗਿਆ। ਪੁਲਿਸ ਨੇ ਦੱਸਿਆ ਕਿ 6 ਵਿਦਿਆਰਥੀ ਇਸ ਵਿਵਾਦ ’ਚ ਜ਼ਖਮੀ ਹੋਏ ਹਨ।

ਜਾਣਕਾਰੀ ਅਨੁਸਾਰ ਜੇ. ਐੱਨ. ਯੂ. ਦੇ ਕਾਵੇਰੀ ਹੋਸਟਲ ’ਚ ਸਾਬਕਾ ਵਿਦਿਆਰਥੀਆਂ ਵਲੋਂ ਰਾਮ ਨੌਮੀ ਦੀ ਪੂਜਾ ਕੀਤੀ ਜਾ ਰਹੀ ਸੀ ਪਰ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਵਿਦਿਆਰਥੀਆਂ ਦਾ ਸੰਗਠਨ ਇਸ ਪੂਜਾ ਨੂੰ ਨਹੀਂ ਹੋਣ ਦੇਣਾ ਚਾਹੁੰਦਾ ਸੀ। ਪੂਜਾ ਸ਼ਾਂਤੀ ਨਾਲ ਹੋ ਗਈ। ਪੂਜਾ ਨੂੰ ਨਾ ਰੋਕ ਸਕਣ ’ਤੇ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਨੇ ਨਾਨਵੈਜ ਖਾਣ ਤੋਂ ਰੋਕਣ ਦਾ ਮੁੱਦਾ ਚੁੱਕਿਆ।

ਦੱਸਿਆ ਜਾਂਦਾ ਹੈ ਕਿ ਕਾਵੇਰੀ ਹੋਸਟਲ ਦੇ ‘ਮੈਸ’ ’ਚ ਨਾਨਵੈਜ ਅਤੇ ਵੈਜ ਦੋਵੇਂ ਸ਼ਾਮਲ ਹਨ। ਜੇ.ਐਨ.ਯੂ.ਐਸ.ਯੂ ਨੇ ਦੋਸ਼ ਲਾਇਆ ਸੀ ਕਿ ਏ. ਬੀ. ਵੀ. ਪੀ. ਮੈਂਬਰਾਂ ਨੇ ਸਟਾਫ਼ ਮੈਂਬਰਾਂ ਨੂੰ ਦੁਪਹਿਰ ਵੇਲੇ ਹੋਸਟਲ 'ਮੈਸ' ਵਿੱਚ ਮਾਸਾਹਾਰੀ ਭੋਜਨ ਪਰੋਸਣ ਤੋਂ ਰੋਕਿਆ ਅਤੇ ਹਮਲਾ ਕੀਤਾ।

ਯੂਨੀਵਰਸਿਟੀ ਨੇ ਝੜਪ ਤੋਂ ਬਾਅਦ ਨੋਟਿਸ ਜਾਰੀ ਕਰ ਕੇ ਕਿਹਾ ਕਿ ਕੈਂਪਸ ’ਚ ਮਾਸ ਖਾਣ ’ਤੇ ਕੋਈ ਪਾਬੰਦੀ ਨਹੀਂ ਹੈ। ਇਸ ’ਚ ਕਿਹਾ ਗਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕੋਈ ਰੋਕ ਨਹੀਂ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਿਸੇ ਦੇ ਪਹਿਰਾਵੇ, ਖਾਣ-ਪੀਣ ਅਤੇ ਆਸਥਾ ’ਤੇ ਕੋਈ ਰੋਕ-ਟੋਕ ਨਹੀਂ ਕੀਤੀ ਜਾ ਸਕਦੀ। ਮੇਸ ਸਟੂਡੈਂਟ ਕਮੇਟੀ ਚਲਾਉਂਦੀ ਹੈ ਅਤੇ ਉਹ ਹੀ ਮੈਨਿਊ ਵੀ ਤੈਅ ਕਰਦੀ ਹੈ।