ਕਰੋਨਾ ਕਾਰਨ ਦੁਨੀਆਂ ’ਚ ਲਗਪਗ 1.5 ਕਰੋੜ ਮੌਤਾਂ ਹੋਈਆਂ : WHO

by jaskamal

ਨਿਊਜ਼ ਡੈਸਕ : ਵਿਸ਼ਵ ਸਿਹਤ ਸੰਸਥਾ (WHO) ਨੇ ਵੀਰਵਾਰ ਨੂੰ ਕਿਹਾ ਕਿ ਲੰਘੇ ਦੋ ਸਾਲਾਂ 'ਚ ਲਗਪਗ 1.5 ਕਰੋੜ ਲੋਕਾਂ ਨੇ ਕਰੋਨਾ ਲਾਗ ਕਾਰਨ ਜਾਂ ਸਿਹਤ ਪ੍ਰਣਾਲੀਆਂ ’ਤੇ ਪਏ ਇਸ ਦੇ ਅਸਰ ਕਾਰਨ ਜਾਨ ਗਵਾਈ ਹੈ। WHO ਦਾ ਅਨੁਮਾਨ ਹੈ ਕਿ ਭਾਰਤ 'ਚ ਕੋਰੋਨਾ ਲਾਗ ਕਾਰਨ 47 ਲੱਖ (47,40,894) ਲੋਕਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਭਾਰਤ ਨੇ WHO ਵੱਲੋਂ ਪ੍ਰਮਾਣਿਕ ਅੰਕੜੇ ਉਪਲੱਬਧ ਹੋਣ ਦੇ ਬਾਵਜੂਦ ਕੋਰੋਨਾ ਮਹਾਮਾਰੀ ਨਾਲ ਸਬੰਧਤ ਵੱਧ ਮੌਤ ਦਰ ਦੇ ਅਨੁਮਾਨ ਦੇ ਪੇਸ਼ ਕਰਨ ਲਈ ਗਣਿਤ ਮਾਡਲ ਦੀ ਵਰਤੋਂ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਵਰਤੇ ਗਏ ਮਾਡਲ ਅਤੇ ਡੇਟਾ ਸੰਗ੍ਰਹਿ ਦੀ ਕਾਰਜਪ੍ਰਣਾਲੀ ਸ਼ੱਕੀ ਹੈ।

WHO ਦੀ ਰਿਪੋਰਟ ਮੁਤਾਬਕ 1.33 ਕਰੋੜ ਤੋਂ ਲੈ ਕੇ 1.66 ਕਰੋੜ ਲੋਕਾਂ, ਯਾਨੀ 1.49 ਕਰੋੜ ਲੋਕਾਂ ਦੀ ਮੌਤ ਜਾਂ ਤਾਂ ਕੋਰੋਨਾ ਲਾਗ ਜਾਂ ਸਿਹਤ ਸੇਵਾ ’ਤੇ ਪਏ ਪ੍ਰਭਾਵ ਕਾਰਨ ਹੋਈ ਹੈ। ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੈਬਰੇਸਿਸ ਇਨ੍ਹਾਂ ਅੰਕੜਿਆਂ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੇਸ਼ਾਂ ਨੂੰ ਭਵਿੱਖ ਵਿੱਚ ਸਿਹਤ ਹੰਗਾਮੀ ਹਾਲਾਤ ਨਾਲ ਨਜਿੱਠਣ ਨਾਲ ਲਈ ਆਪਣੀਆਂ ਸਮਰੱਥਾਵਾਂ ’ਚ ਵੱਧ ਨਿਵੇਸ਼ ਕਰਨ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ।