ਕੈਪਟਨ ਵਰਗਾ ਝੂਠਾ ਨਹੀਂ ਵੇਖਿਆ : ਸੁਖਬੀਰ ਬਾਦਲ

by vikramsehajpal

ਮਲੋਟ (ਦੇਵ ਇੰਦਰਜੀਤ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ, ਜਿਹੜੀ ਪੰਜਾਬ ਦੇ ਲੋਕਾਂ ਦੀਆਂ ਤਕਲੀਫ਼ਾਂ ਸਮਝਦੀ ਹੈ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੈ, ਜਿਸ ਕਰਕੇ 10 ਸਾਲਾਂ ਵਿਚ ਪੰਜਾਬ ਹਰ ਪੱਖੋਂ ਖੁਸ਼ਹਾਲ ਹੋ ਗਿਆ ਸੀ। ਸੁਖਬੀਰ ਬਾਦਲ 100 ਹਲਕਾ 100 ਦਿਨ ਪ੍ਰੋਗਰਾਮ ਅਧੀਨ ਮਲੋਟ ਵਿਖੇ ਪੁੱਜੇ ਸਨ ਅਤੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ।

ਪਹਿਲਾਂ ਇਕ ਵੱਡੇ ਕਾਫਿਲੇ ਵਿਚ ਖੁੱਲ੍ਹੀ ਗੱਡੀ ਰਾਹੀਂ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਬੇਟੇ ਅਨੰਤਬੀਰ ਬਾਦਲ ਨੂੰ ਪ੍ਰੋਗਰਾਮ ਵਾਲੀ ਥਾਂ ’ਤੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਗਰਾ ਝੂਠਾ ਇਨਸਾਨ ਅੱਜ ਤੱਕ ਨਹੀਂ ਵੇਖਿਆ, ਜਿਸ ਨੇ ਮਰਿਆਦਾ ਦਾ ਖਿਆਲ ਰੱਖੇ ਬਿਨਾਂ ਝੂਠੀਆਂ ਸਹੁੰਆਂ ਖਾ ਕੇ ਸਰਕਾਰ ਬਣਾਈ। ਸਾਢੇ ਚਾਰ ਸਾਲ ਵਿਚ ਕੋਈ ਕੰਮ ਨਹੀਂ ਕੀਤਾ, ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਰੁਲਦੀਆਂ ਰਹੀਆਂ।

ਜਦਕਿ ਅਕਾਲੀ ਦਲ ਦੀ ਸਰਕਾਰ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੇਂਦਰ ਵਿਚ ਪ੍ਰਧਾਨ ਮੰਤਰੀ ਸਮੇਤ ਮੰਤਰੀਆਂ ਨੂੰ ਮਿਲ ਕੇ ਹਰ ਸਮੱਸਿਆ ਦਾ ਹੱਲ ਕਰਦੇ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਦੀ ਸਾਰ ਨਹੀਂ ਲਈ, ਜਿਸ ਕਰਕੇ ਕਿਸਾਨਾਂ ਤੇ ਵਪਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਾਂਗਰਸ ਤੋਂ ਬਿਨਾਂ ਦੋ ਹੋਰ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਭਾਜਪਾ ਹਨ ਪਰ ਇਨ੍ਹਾਂ ’ਚੋਂ ਕੋਈ ਪੰਜਾਬ ਹਿਤੈਸ਼ੀ ਨਹੀਂ, ਜਦ ਕਿ ਸਿਰਫ ਅਕਾਲੀ ਦਲ ਅਜਿਹੀ ਪਾਰਟੀ ਹੈ, ਜਿਹੜੀ ਪੰਜਾਬ ਲਈ ਹਰ ਜ਼ਿੰਮੇਵਾਰੀ ਸਮਝਦੀ ਹੈ ਅਤੇ ਪੰਜਾਬ ਨੂੰ ਆਪਣਾ ਮੰਨਦੀ ਹੈ। ਉਨ੍ਹਾਂ ਕਿਹਾ ਕਿ ਮਲੋਟ ਸਾਡੇ ਪਰਿਵਾਰ ਦਾ ਹਿੱਸਾ ਹੈ ਮੇਰੀ ਮਾਤਾ ਸੁਰਿੰਦਰ ਕੌਰ ਬਾਦਲ ਇਸ ਹਲਕੇ ਦੇ ਲੋਕਾਂ ਨੂੰ ਆਪਣੇ ਪਰਿਵਾਰ ਵਾਂਗ ਸਮਝਦੀ ਸੀ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਫੈਸਲੇ ਦੀ ਘੜੀ ਆ ਗਈ ਹੈ ਅਤੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਹੈ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਜ਼ਿੰਮੇਵਾਰ ਹੈ। ਇਸ ਮੌਕੇ ਜ਼ਿਲ੍ਹਾ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਸੁਰੇਸ਼ ਸ਼ਰਮਾ ਐੱਮ. ਸੀ. ਆਪਣੇ ਸਾਥੀਆਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋ ਗਏ, ਜਿਨ੍ਹਾਂ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ।