ਸ਼ਰਾਬੀ ASI ਦੀ ਬਾਈਕ ਨੇ ਬੱਚੇ ਨੂੰ ਕੁਚਲਿਆ, ਹਾਲਤ ਗੰਭੀਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਪੁਲਿਸ ਦੇ ਏ. ਐੱਸ. ਆਈ. ਦੀ ਬਾਈਕ ਨੇ ਮਾਂ ਨਾਲ ਜਾ ਰਹੇ ਛੋਟੇ ਬੱਚੇ ਨੂੰ ਕੁਚਲ ਦਿੱਤਾ। ਦੋਸ਼ ਹੈ ਕਿ ਏ. ਐੱਸ. ਆਈ. ਸ਼ਰਾਬ ਦੇ ਨਸ਼ੇ 'ਚ ਸੀ, ਜਿਸ ਨੇ ਇਸ ਤੋਂ ਪਹਿਲਾਂ ਇਕ ਬਜ਼ੁਰਗ ’ਤੇ ਹੱਥ ਚੁੱਕਿਆ। ਲੋਕਾਂ ਨੇ ਏ. ਐੱਸ. ਆਈ. ਦੀ ਹਾਲਤ ਵੇਖ ਕੇ ਪੰਜਾਬ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਲਦ ਹੀ ਪੀ. ਸੀ. ਆਰ. ਦੀ ਗੱਡੀ ਮੌਕੇ ’ਤੇ ਪਹੁੰਚੀ, ਜਿਸ ਨੇ ਸ਼ਰਾਬੀ ਪੁਲਿਸ ਮੁਲਾਜ਼ਮ ਨੂੰ ਗੱਡੀ ਵਿਚ ਬਿਠਾਇਆ ਅਤੇ ਆਪਣੇ ਨਾਲ ਲੈ ਗਈ।

ਜਾਣਕਾਰੀ ਦਿੰਦੇ ਜਸਪਾਲ ਜੱਸਾ ਨੇ ਦੱਸਿਆ ਕਿ ਸ਼ਿਵ ਨਗਰ ਫਾਟਕ ਨੇੜੇ ਕਿਸੇ ਵਿਵਾਦ ਸਬੰਧੀ 2 ਪੁਲਿਸ ਮੁਲਾਜ਼ਮ ਬਾਈਕ ’ਤੇ ਆਏ ਸਨ, ਜਿਨ੍ਹਾਂ ਵਿਚੋਂ ਇਕ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿਚ ਸੀ। ਦੋਸ਼ ਹੈ ਕਿ ਸ਼ਰਾਬੀ ਪੁਲਸ ਮੁਲਾਜ਼ਮ ਨੇ ਉਥੇ ਇਕ ਬਜ਼ੁਰਗ ’ਤੇ ਹੱਥ ਚੁੱਕਿਆ ਅਤੇ ਜਦੋਂ ਤੇਜ਼ੀ ਨਾਲ ਵਾਪਸ ਜਾਣ ਲੱਗਾ ਤਾਂ ਰਸਤੇ ਵਿਚ ਉਸ ਨੇ ਇਕ ਬੱਚੇ ਨੂੰ ਆਪਣੀ ਬਾਈਕ ਦੀ ਲਪੇਟ ਵਿਚ ਲੈ ਲਿਆ, ਹਾਲਾਂਕਿ ਬੱਚੇ ਦੀ ਹਾਲਤ ਠੀਕ ਸੀ ਪਰ ਏ. ਐੱਸ. ਆਈ. ਦੀ ਅਜਿਹੀ ਹਾਲਤ ਦੇਖ ਕੇ ਇਲਾਕੇ ਦੇ ਲੋਕਾਂ ਦਾ ਗੁੱਸਾ ਫੁੱਟ ਪਿਆ।

ਹਾਲਾਂਕਿ ਭੀੜ ਨੇ ਏ. ਐੱਸ. ਆਈ. ’ਤੇ ਹਮਲਾ ਵੀ ਕਰਨਾ ਚਾਹਿਆ ਪਰ ਕੁਝ ਲੋਕਾਂ ਨੇ ਉਸ ਦਾ ਬਚਾਅ ਕੀਤਾ। ਮੌਕੇ ’ਤੇ ਪਹੁੰਚੀ ਪੀ. ਸੀ. ਆਰ. ਟੀਮ ਨੇ ਏ. ਐੱਸ. ਆਈ. ਨੂੰ ਤੁਰੰਤ ਗੱਡੀ ਵਿਚ ਬਿਠਾਇਆ ਅਤੇ ਆਪਣੇ ਨਾਲ ਲੈ ਗਈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।