ਅਮਰਨਾਥ ਯਾਤਰਾ ਦੀ ਸੁਰੱਖਿਆ ’ਤੇ ਦਿਤਾ ਜ਼ੋਰ

by jaskamal

ਨਿਊਜ਼ ਡੈਸਕ: ਆਗਾਮੀ ਅਮਰਨਾਥ ਯਾਤਰਾ ਦੌਰਾਨ ਰੇਲਵੇ ਸਟੇਸ਼ਨਾਂ ਦੀ ਪੁਖਤਾ ਸੁਰੱਖਿਆ ’ਤੇ ਜ਼ੋਰ ਦਿੰਦਿਆਂ ਜੰਮੂ ਕਸ਼ਮੀਰ ਦੇ ਏਡੀਜੀਪੀ ਸੁਨੀਲ ਕੁਮਾਰ ਨੇ ਅੱਜ ਇਸ ਯਾਤਰਾ ਦੌਰਾਨ ਅਤਿਵਾਦੀਆਂ ਦੀ ਕਿਸੇ ਵੀ ਕਾਰਵਾਈ ਦੇ ਟਾਕਰੇ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। 43 ਦਿਨ ਚੱਲਣ ਵਾਲੀ ਇਹ ਯਾਤਰਾ 30 ਜੂਨ ਤੋਂ ਸ਼ੁਰੂ ਹੋ ਰਹੀ ਹੈ। ਸੁਨੀਲ ਕੁਮਾਰ ਰੇਲਵੇ ਸਟੇਸ਼ਨਾਂ ਦੇ ਸੁਰੱਖਿਆ ਪ੍ਰਬੰਧਾਂ ਸਬੰਧੀ ਸੱਦੀ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜੰਮੂ ਜੀਆਰਪੀ ਦੇ ਐੱਸਐੱਸਪੀ ਮੁਹੰਮਦ ਆਰਿਫ਼ ਰਿਸ਼ੂ ਨੇ ਏਡੀਜੀਪੀ ਨੂੰ ਯਾਤਰਾ ਲਈ ਕੀਤੀਆਂ ਸੁਰੱਖਿਆ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਕੁਮਾਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 24 ਘੰਟੇ ਚੌਕਸੀ ਵਰਤਣ ਤੇ ਯਕੀਨੀ ਬਣਾਉਣ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਰੇਲ ਸਫ਼ਰ ਮੌਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਤੇ ਵੱਖ ਵੱਖ ਸਟੇਸ਼ਨਾਂ ਉੱਤੇ ਗੱਡੀ ਦੇ ਠਹਿਰਾਅ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਾਤਰੂਆਂ ਨਾਲ ਠਰ੍ਹੰਮੇ ਨਾਲ ਪੇਸ਼ ਆਉਣ।