ਹੁਣ ਵੈਕਸੀਨ ਨਾ ਲਵਾਉਣ ਵਾਲੇ ਮੁਲਾਜ਼ਮਾਂ ਦੀ ਰੋਕੀ ਜਾਵੇਗੀ ਤਨਖ਼ਾਹ, ਸਰਕਾਰ ਵੱਲੋਂ ਹੁਕਮ ਜਾਰੀ

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਸਰਕਾਰ ਨੇ ਓਮੀਕਰੋਨ ਦੇ ਖ਼ਤਰੇ ਦੇ ਮੱਦੇਨਜ਼ਰ ਕਰੋਨਾ ਟੀਕਾਕਰਨ ਯਕੀਨੀ ਬਣਾਉਣ ਲਈ ਸਖ਼ਤ ਪਾਬੰਦੀਆਂ ਲਾਉਣ ਦਾ ਫ਼ੈਸਲਾ ਲਿਆ ਹੈ, ਜਿਸ ਤਹਿਤ ਵੈਕਸੀਨ ਨਾ ਲਵਾਉਣ ਵਾਲੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲੇਗੀ। ਵਿੱਤ ਵਿਭਾਗ ਵੱਲੋਂ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਕਰੋਨਾ ਟੀਕਾਕਰਨ ਕਰਾਉਣ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਗਿਆ ਹੈ। ਪੰਜਾਬ 'ਚ ਇਸ ਵੇਲੇ ਕਰੀਬ 3.50 ਲੱਖ ਸਰਕਾਰੀ ਮੁਲਾਜ਼ਮ ਹਨ ਜਿਨ੍ਹਾਂ 'ਚ ਬੋਰਡਾਂ/ਕਾਰਪੋਰੇਸ਼ਨਾਂ ਦੇ ਮੁਲਾਜ਼ਮ ਵੀ ਸ਼ਾਮਲ ਹਨ।

ਵਿੱਤ ਵਿਭਾਗ ਦੇ ਇਸ ਫ਼ੈਸਲੇ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਹਰ ਕੈਟਾਗਰੀ ਦੇ ਕੱਚੇ/ਪੱਕੇ ਮੁਲਾਜ਼ਮਾਂ ’ਤੇ ਲਾਗੂ ਹੋਵੇਗਾ। ਵਿੱਤ ਵਿਭਾਗ ਦੀ ਬਜਟ ਸ਼ਾਖਾ ਨੇ ਸਰਕਾਰੀ ਵਿਭਾਗਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ ਤੇ ਇਸ ਬਾਰੇ ਸਾਰੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਜਾਣੂ ਕਰਾਉਣ ਬਾਰੇ ਵੀ ਲਿਖਿਆ ਗਿਆ ਹੈ।

ਹਰ ਅਧਿਕਾਰੀ ਤੇ ਮੁਲਾਜ਼ਮਾਂ ਲਈ ਇਸ ਪੋਰਟਲ 'ਚ ਟੀਕਾਕਰਨ ਸਰਟੀਫਿਕੇਟ ਦਰਜ ਕੀਤਾ ਜਾਣਾ ਲਾਜ਼ਮੀ ਹੋਵੇਗਾ। ਵਿਭਾਗ ਨੇ ਦੱਸਿਆ ਹੈ ਕਿ ਜੇਕਰ ਕਿਸੇ ਨੇ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੈ ਲਈਆਂ ਹਨ ਜਾਂ ਫਿਰ ਇਕ ਡੋਜ਼ ਲਈ ਹੈ ਤਾਂ ਉਸ ਦਾ ਨੰਬਰ ਇਸ ਪੋਰਟਲ ਵਿੱਚ ਦਰਜ ਕੀਤਾ ਜਾਵੇ। ਵੇਰਵੇ ਦਰਜ ਨਾ ਕਰਨ ’ਤੇ ਤਨਖ਼ਾਹ ਨਹੀਂ ਬਣਾਈ ਜਾਵੇਗੀ ਜਿਸਦਾ ਸਿੱਧਾ ਅਰਥ ਹੈ ਕਿ ਟੀਕਾਕਰਨ ਤਨਖ਼ਾਹ ਲੈਣ ਲਈ ਲਾਜ਼ਮੀ ਹੋਵੇਗਾ।