ਚੋਰਾਂ ਦੇ ਹੌਸਲੇ ਬੁਲੰਦ: ਫੈਕਟਰੀ ਤੇ ਦੁਕਾਨਾਂ ’ਚ ਲੱਖਾਂ ਦਾ ਮਾਲ, 2 ਲੱਖ ਨਕਦੀ ਚੋਰੀ ਕਰ ਹੋਏ ਫਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਫੈਕਟਰੀ ਅਤੇ ਦੁਕਾਨਾਂ ਦੇ ਜਿੰਦਰੇ ਤੋੜ ਕੇ ਲੱਖਾਂ ਦਾ ਮਾਲ ਅਤੇ ਨਕਦੀ ਚੋਰੀ ਕਰਨ ਵਾਲੇ ਗੈਂਗ ਨੇ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਗੈਂਗ ਨੇ ਥਾਣਾ ਦਰੇਸੀ ਦੇ ਇਲਾਕੇ ਸੁੰਦਰ ਨਗਰ ਮੇਨ ਰੋਡ ਸਥਿਤ ਪੰਜਾਬ ਫੈਬ੍ਰਿਕਸ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੋਂ ਲੱਖਾਂ ਦਾ ਮਾਲ ਅਤੇ ਪੌਣੇ 2 ਲੱਖ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਦਾ ਤਰੀਕਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਸੀ, ਜਿਵੇਂ 25 ਦਿਨ ਵਿਚ ਵਾਪਰੀਆਂ 7 ਵਾਰਦਾਤਾਂ ਵਿਚ ਹੋਇਆ ਹੈ।

ਇਸ ਵਾਰ ਵੀ ਗੈਂਗ ਨੇ ਫੈਕਟਰੀ ਦੇ ਜਿੰਦਰੇ ਤੋੜੇ, ਸੀ. ਸੀ. ਟੀ. ਵੀ. ਕੈਮਰਿਆਂ ਦਾ ਰੁਖ ਆਸਮਾਨ ਵੱਲ ਮੋੜਿਆ ਅਤੇ ਕੰਪਲੈਕਸ ਦੇ ਅੰਦਰ ਗੋਦਾਮ ਅਤੇ ਆਫਿਸ ਤੋਂ ਲੱਖਾਂ ਦਾ ਮਾਲ ਅਤੇ ਨਕਦੀ ਚੋਰੀ ਕੀਤੀ ਅਤੇ ਮਾਲ ਟੈਂਪੂ ’ਚ ਲੱਦ ਕੇ ਫਰਾਰ ਹੋ ਗਏ। ਪੰਜਾਬ ਫੈਬ੍ਰਿਕਸ ਦੇ ਮਾਲਕ ਕੰਵਲਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੁਕਾਨ ਖੋਲ੍ਹੀ ਤਾਂ ਪਤਾ ਲੱਗਾ ਕਿ ਪਿਛਲੇ ਗੇਟ ਦੀ ਪਹਿਲੀ ਮੰਜ਼ਿਲ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ। ਸਾਰ-ਸੰਭਾਲ ਕਰਨ ’ਤੇ ਪਤਾ ਲੱਗਾ ਕਿ ਚੋਰ ਦੁਕਾਨ ’ਚੋਂ ਕੱਪੜੇ ਦੇ 50 ਥਾਨ ਅਤੇ ਆਫਿਸ ਦੇ ਗੱਲੇ ’ਚ ਪਈ ਪੌਣੇ 2 ਲੱਖ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ।

ਏ. ਸੀ. ਪੀ. ਨਾਰਥ ਮਹੇਸ਼ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ 2-3 ਵਾਰਦਾਤਾਂ ਉਨ੍ਹਾਂ ਦੇ ਧਿਆਨ ਵਿਚ ਹਨ। ਪੁਲਿਸ ਚੋਰਾਂ ਦੀ ਭਾਲ 'ਚ ਲੱਗੀ ਹੋਈ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।