
ਅੰਮ੍ਰਿਤਸਰ (ਰਾਘਵ): ਪੁਲਸ ਥਾਣਾ ਕੱਥੂਨੰਗਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਦਸੌਂਧਾ ਸਿੰਘ ਦੇ ਰਹਿਣ ਵਾਲੇ ਇੱਕ ਕਿਸਾਨ ਸਵਿੰਦਰ ਸਿੰਘ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬੀਤੀ ਸ਼ਾਮ ਨੂੰ ਘਰੋਂ ਆਪਣੇ ਖੇਤਾਂ ਵਿਚ ਖਾਦ ਪਾਉਣ ਲਈ ਗਿਆ ਸੀ। ਕਿਸਾਨ ਦੀ ਲਾਸ਼ ਸਵੇਰੇ ਖੇਤਾਂ ਵਿੱਚ ਭੇਦਭਰੀ ਹਾਲਤ ਵਿੱਚ ਮਿਲੀ। ਪੁਲਸ ਨੇ ਮ੍ਰਿਤਕ ਦੇ ਪੁੱਤਰ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਵਿਅਕਤੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਕੱਥੂਨੰਗਲ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਪੁੱਤਰ ਸੁਰਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਤਿੰਨ ਵਿਅਕਤੀਆਂ ਹਰਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਦੋਵੇਂ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਤਲਵੰਡੀ ਦਸੌਂਧਾ ਅਤੇ ਦਿਲਬਾਗ ਸਿੰਘ ਆੜਤੀਆਂ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਡੱਡੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ।
ਦੱਸ ਦੇਈਏ ਕਿ ਕਿਸਾਨ ਸਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਬੀਤੀ ਸ਼ਾਮ ਆਪਣੇ ਖੇਤਾਂ ਵਿੱਚ ਖਾਦ ਪਾਉਣ ਲਈ ਗਿਆ ਸੀ ਪਰ ਉਹ ਦੇਰ ਰਾਤ ਤੱਕ ਜਦੋਂ ਘਰ ਨਾ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸਵੇਰੇ ਪਿੰਡ ਵਾਸੀਆਂ ਨੇ ਉਕਤ ਕਿਸਾਨ ਸਵਿੰਦਰ ਸਿੰਘ ਦੀ ਲਾਸ਼ ਖੇਤਾਂ ਵਿਚ ਪਈ ਦੇਖੀ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਇਥੇ ਜ਼ਿਕਰਯੋਗ ਹੈ ਕਿ ਮੁਲਜ਼ਮਾਂ ਅਤੇ ਮ੍ਰਿਤਕ ਦੇ ਪਰਿਵਾਰ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ ਤੇ ਮੁਲਜ਼ਮਾਂ ਖਿਲਾਫ਼ ਇੱਕ ਮੁਕੱਦਮਾ ਕਣਕ ਦੀ ਚੋਰੀ ਨਾਲ ਸਬੰਧਤ ਵੀ ਚੱਲ ਰਿਹਾ ਸੀ।ਥਾਣਾ ਕੱਥੂਨੰਗਲ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਕੱਦਮਾ ਨੰਬਰ 302 ਅਧੀਨ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।