ਕਿਸਾਨ ਆਗੂ ਸਰਕਾਰ ਦੀ ਨਵੀਂ ਤਜਵੀਜ਼ ਨਾਲ ਸਹਿਮਤ, ਅਗਲੀ ਰਣਨੀਤੀ ਲਈ ਮੀਟਿੰਗ ਅੱਜ

by jaskamal

ਨਿਊਜ਼ ਡੈਸਕ (ਜਸਕਮਲ) : ਸੰਯੁਕਤ ਕਿਸਾਨ ਮੋਰਚਾ ਨੇ ਅੱਜ ਕਿਹਾ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਕਿਸਾਨਾਂ ਖਿਲਾਫ਼ ਦਰਜ ਕੇਸ ਰੱਦ ਕੀਤੇ ਜਾਣ ਸਮੇਤ ਉਨ੍ਹਾਂ ਦੀਆਂ ਬਕਾਇਆ ਮੰਗਾਂ ਨੂੰ ਲੈ ਕੇ ਕੇਂਦਰ ਵੱਲੋਂ ਅੱਜ ਸੋਧ ਕੇ ਭੇਜੇ ਖਰੜੇ/ਤਜਵੀਜ਼ ’ਤੇ ਆਮ ਸਹਿਮਤੀ ਬਣ ਗਈ ਹੈ। ਮੋਰਚੇ ਨੇ ਕਿਹਾ ਕਿ ਅੰਦੋਲਨ ਦੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਵੀਰਵਾਰ ਨੂੰ ਸਿੰਘੂ ਬਾਰਡਰ ’ਤੇ ਮੀਟਿੰਗ ਕੀਤੀ ਜਾਵੇਗੀ। ਹਾਲਾਂਕਿ ਮੋਰਚੇ 'ਚ ਸ਼ਾਮਲ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਆਪਣੇ ‘ਲੈਟਰਹੇੈੱਡ’ ’ਤੇ ਅਧਿਕਾਰਤ ਸੰਵਾਦ ਕਰੇ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਮੋਰਚਾ ਫ਼ੈਸਲਾਕੁੰਨ ਪਲਾਂ 'ਚ ਪਹੁੰਚ ਗਿਆ ਹੈ ਜਦੋਂਕਿ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਰਚੇ ਵਾਲੀ ਥਾਂ ਖਾਲੀ ਕਰਨ ਲਈ ਕੁਝ ਦਿਨ ਲੱਗਣਗੇ।

ਕਿਸਾਨ ਆਗੂ ਅਤੇ ਮੋਰਚੇ ਦੀ ਕੋਰ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬਕਾਇਆ ਮੰਗਾਂ ਦੇ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਪਹਿਲਾਂ ਮਿਲੀ ਤਜਵੀਜ਼ ਮੰਨਣਯੋਗ ਨਹੀਂ ਸੀ, ਜਿਸ ਮਗਰੋਂ ਕੇਂਦਰ ਸਰਕਾਰ ਨੇ ਅੱਜ ਨਵੇਂ ਸਿਰਿਓਂ ਤਜਵੀਜ਼ ਭੇਜੀ ਹੈ। ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਕਿਹਾ, ‘‘ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਸਮਝੌਤਾ ਕਰਨ ਬਾਰੇ ਗੱਲਬਾਤ ਕਰ ਰਹੇ ਹਾਂ। ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਅੰਦੋਲਨ ਮੁਲਤਵੀ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ।

ਕਿਸਾਨ ਆਗੂ ਅਸ਼ੋਕ ਧਾਵਲੇ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਸੋਧੇ ਹੋਏ ਖਰੜੇ/ਤਜਵੀਜ਼ ਨੂੰ ਅਧਿਕਾਰਤ ਪੱਤਰ ਦੇ ਰੂਪ 'ਚ ਭੇਜੇ, ਨਹੀਂ ਤਾਂ ਅੰਦੋਲਨ ਜਾਰੀ ਰਹੇਗਾ। ਕਿਸਾਨ ਆਗੂ ਤੇ ਪੰਜ ਮੈਂਬਰੀ ਕਮੇਟੀ ’ਚ ਸ਼ਾਮਲ ਯੁਧਵੀਰ ਸਿੰਘ ਨੇ ਕਿਹਾ, ‘‘ਗੇਂਦ ਹੁਣ ਸਰਕਾਰ ਦੇ ਪਾਲੇ ਵਿੱਚ ਹੈ ਤੇ ਆਖਰੀ ਫੈਸਲਾ ਭਲਕੇ ਲਿਆ ਜਾਵੇਗਾ।’’ ਇਸ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਪੰਧੇਰ ਤੇ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਭਲਕੇ ਦੀ ਪ੍ਰੈਸ ਕਾਨਫਰੰਸ ਮਗਰੋਂ ਸਿੰਘੂ, ਟਿਕਰੀ ਤੇ ਗਾਜ਼ੀਪੁਰ ਦੇ ਮੋਰਚਿਆਂ ਤੋਂ ਅੰਦੋਲਨ ਨੂੰ ਮੁਲਤਵੀ ਕਰਨ ਦਾ ਐਲਾਨ ਕਰਕੇ ਫਤਿਹ ਦਿਵਸ ਕੱਢਦੇ ਹੋਏ ਜੁਝਾਰੂ ਕਿਸਾਨਾਂ ਦੇ ਕਾਫ਼ਲੇ ਘਰਾਂ ਵੱਲ ਕੂਚ ਕਰਨਗੇ। ਆਗੂਆਂ ਨੇ ਕਿਹਾ ਕਿ ਮੋਰਚੇ ਦੀ ਕੋਸ਼ਿਸ਼ ਸਾਂਝੇ ਤੌਰ ’ਤੇ ਵਾਪਸੀ ਦੀ ਹੈ ਤੇ ਕਾਫ਼ਲੇ ਹਰਿਆਣਾ ਨਾਲ ਲੱਗਦੀਆਂ ਪੰਜਾਬ ਦੀਆਂ ਹੱਦਾਂ ਵਿੱਚ ਦਾਖ਼ਲ ਹੋਣਗੇ। ਇਸ ਦੌਰਾਨ ਕਿਸਾਨਾਂ ਨੇ ਸੀਡੀਐੱਸ ਬਿਪਿਨ ਰਾਵਤ ਸਮੇਤ 13 ਵਿਅਕਤੀਆਂ ਦੇ ਤਮਿਲਨਾਡੂ ’ਚ ਹੋਏ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।