ਲਗਾਤਾਰ ਦੂਜੇ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਨਵੇਂ ਰੇਟ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ 'ਚ ਇੱਕ ਵਾਰ ਫੇਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਅਤੇ ਲਗਾਤਾਰ ਦੂਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਕੱਲ੍ਹ 137 ਦਿਨਾਂ ਬਾਅਦ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 80-80 ਪੈਸੇ ਦਾ ਵਾਧਾ ਹੋਇਆ। ਅੱਜ ਵੀ ਪੈਟਰੋਲ ਦੀ ਕੀਮਤ 'ਚ 80 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 80 ਪੈਸੇ ਦਾ ਵਾਧਾ ਹੋਇਆ ਹੈ।

ਨਵੀਂਆਂ ਕੀਮਤਾਂ ਦੇ ਮੁਤਾਬਕ ਦੇਸ਼ 'ਚ ਸਭ ਤੋਂ ਸਸਤਾ ਪੈਟਰੋਲ 84.30 ਰੁਪਏ ਲੀਟਰ ਦੇ ਹਿਸਾਬ ਨਾਲ ਪੋਰਟ ਬਲੇਅਰ 'ਚ ਵਿਕ ਰਿਹਾ ਹੈ ਤਾਂ ਡੀਜ਼ਲ ਵੀ ਇਥੇ 78.52 ਰੁਪਏ ਪ੍ਰਤੀ ਲੀਟਰ ਹੈ। ਉਧਰ ਪੈਟਰੋਲ, ਭੋਪਾਲ, ਜੈਪੁਰ, ਪਟਨਾ, ਕੋਲਕਾਤਾ, ਚੇਨਈ ਅਤੇ ਬੰਗਲੁਰੂ 'ਚ 100 ਦੇ ਪਾਰ ਹੈ। ਦੇਸ਼ ਦਾ ਸਭ ਤੋਂ ਮਹਿੰਗਾ ਪੈਟਰੋਲ ਅਤੇ ਡੀਜ਼ਲ ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਹੈ। ਇਥੇ ਇਕ ਲੀਟਰ ਪੈਟਰੋਲ ਦੀ ਕੀਮਤ 113.87 ਰੁਪਏ ਅਤੇ ਡੀਜ਼ਲ 96.91 ਰੁਪਏ ਹੈ।

ਜਾਣਕਾਰੀ ਅਨੁਸਾਰ ਪੈਟਰੋਲ 'ਤੇ ਇਹ ਕਟੌਤੀ ਪੰਜ ਰੁਪਏ ਪ੍ਰਤੀ ਲੀਟਰ ਸੀ, ਜਦੋਂਕਿ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ। ਕੱਚੇ ਤੇਲ ਦੀਆਂ ਮੌਜੂਦਾ ਕੀਮਤਾਂ ਨੂੰ ਦੇਖਦੇ ਹੋਏ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੇ 100 ਰੁਪਏ ਪ੍ਰਤੀ ਲੀਟਰ ਜਾਣ ਦਾ ਖਦਸ਼ਾ ਬਣ ਗਿਆ ਹੈ। ਅਜਿਹੇ 'ਚ ਕੇਂਦਰ ਸਰਕਾਰ ਆਮ ਲੋਕਾਂ ਨੂੰ ਰਾਹਤ ਦੇਣ ਲਈ ਐਕਸਾਈਜ਼ ਡਿਊਟੀ 'ਚ ਹੋਰ ਕਟੌਤੀ ਕਰ ਸਕਦੀ ਹੈ। ਹੁਣ ਐਕਸਾਈਜ਼ ਡਿਊਟੀ ਪੈਟਰੋਲ 'ਤੇ 27.90 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 21.80 ਰੁਪਏ ਪ੍ਰਤੀ ਲੀਟਰ ਹੈ।