“ਚਾਰ ਫੁੱਟ ਹੋਰ ਵਧਿਆ ਪਾਣੀ ਤਾਂ ਖੋਲ੍ਹੇ ਜਾਣਗੇ ਸੁਖਨਾ ਦੇ ਫਲੱਡ ਗੇਟ”

by jaskamal

ਨਿਊਜ਼ ਡੈਸਕ: ਚੰਡੀਗੜ੍ਹ ਦੀ ਲਾਈਫ ਲਾਈਨ ਸੁਖਨਾ ਲੇਕ ਦਾ ਗਲਾ ਹੁਣ ਤਰ ਹੋ ਗਿਆ ਹੈ। ਜੂਨ ਦੇ ਅਖੀਰ ਤਕ ਬੂੰਦ-ਬੂੰਦ ਨੂੰ ਮੋਹਤਾਜ ਸੁਖਨਾ ਦੇ ਦਿਨ ਬਦਲ ਗਏ ਹਨ। ਮੌਨਸੂਨ ਦੀਆਂ ਪਹਿਲੀਆਂ ਤਿੰਨ ਬਾਰਿਸ਼ਾਂ 'ਚ ਹੀ ਸੁਖਨਾ ਲੇਕ ਦਾ ਪਾਣੀ ਪੱਧਰ ਪੰਜ ਫੁੱਟ ਵਧ ਗਿਆ ਹੈ। ਅੱਜ ਲੇਕ ਦਾ ਪਾਣੀ ਪੱਧਰ ਕਰੀਬ 1159 ਫੁੱਟ ਦਰਜ ਕੀਤਾ ਗਿਆ। ਜਦੋਂਕਿ ਜੂਨ ਦੇ ਅਖੀਰ 'ਚ ਸੁਖਨਾ ਦਾ ਪਾਣੀ ਘਟ ਕੇ 1154 ਫੁੱਟ ਤਕ ਹੇਠਾਂ ਡਿਗ ਗਿਆ ਸੀ।

ਜੁਲਾਈ ਦੇ ਸ਼ੁਰੂ ਹੁੰਦਿਆਂ ਪਹਿਲੀ ਤਰੀਕ ਨੂੰ ਬਾਰਿਸ਼ ਹੋਈ ਸੀ। ਹੁਣ ਤਕ 200 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋ ਚੁੱਕੀ ਹੈ। ਇਸਦੇ ਨਾਲ ਲੇਕ ਦੇ ਪਾਣੀ ਦੇ ਪੱਧਰ 'ਚ ਵੱਡਾ ਉਛਾਲ ਆਇਆ ਹੈ। ਪਾਣੀ ਦਾ ਚਾਰ ਫੁੱਟ ਹੋਰ ਪੱਧਰ ਵਧਣ 'ਤੇ ਫਲੱਡ ਗੇਟ ਖੋਲ੍ਹਣ ਦੀ ਨੌਬਤ ਆ ਸਕਦੀ ਹੈ। 1163 ਫੁੱਟ 'ਤੇ ਪਾਣੀ ਦਾ ਪੱਧਰ ਪਹੁੰਚਣ 'ਤੇ ਹੀ ਲੇਕ ਦੇ ਫਲੱਡ ਗੇਟ ਖੋਲ੍ਹਣੇ ਪੈਂਦੇ ਹਨ। 10 ਜੁਲਾਈ ਤਕ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਪੈਣ ਦਾ ਹਾਈ ਅਲਰਟ ਜਾਰੀ ਕੀਤਾ ਹੈ।