ਈਂਧਣ ਸੰਕਟ: ਸ੍ਰੀਲੰਕਾ ‘ਚ ਸਰਕਾਰੀ ਦਫ਼ਤਰ ਤੇ ਸਕੂਲ ਹਫ਼ਤੇ ਲਈ ਹੋਏ ਬੰਦ

by jaskamal

ਨਿਊਜ਼ ਡੈਸਕ: ਦੇਸ਼ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੀ ਸ੍ਰੀਲੰਕਾ ਸਰਕਾਰ ਨੇ ਈਂਧਣ ਦੀ ਗੰਭੀਰ ਕਮੀ ਦੇ ਮੱਦੇਨਜ਼ਰ ਸੋਮਵਾਰ ਤੋਂ ਅਗਲੇ ਹਫ਼ਤੇ ਸਰਕਾਰੀ ਦਫ਼ਤਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਅਖ਼ਬਾਰ ‘ਡੇਲੀ ਮਿਰਰ’ ਮੁਤਾਬਕ, ਬਿਜਲੀ ਦੇ ਲੰਮੇ ਲੰਮੇ ਕੱਟਾਂ ਦੇ ਮੱਦੇਨਜ਼ਰ ਸ੍ਰੀਲੰਕਾ ਦੇ ਸਿੱਖਿਆ ਮੰਤਰੀ ਨੇ ਵੀ ਕੋਲੰਬੋ ਸ਼ਹਿਰ ਦੇ ਸਾਰੇ ਸਰਕਾਰੀ ਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਅਗਲੇ ਹਫ਼ਤੇ ਤੋਂ ਆਨਲਾਈਨ ਕਲਾਸਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਲੋਕ ਪ੍ਰਸ਼ਾਸਨ ਤੇ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਰਕੁਲਰ ਜਾਰੀ ਕੀਤਾ ਹੈ, ਕਿਹਾ ਗਿਆ ਹੈ, ‘‘ਈਂਧਣ ਸਪਲਾਈ ਦੀ ਗੰਭੀਰ ਸਮੱਸਿਆ, ਸੀਮਤ ਆਵਾਜਾਈ ਪ੍ਰਬੰਧ ਤੇ ਨਿੱਜੀ ਵਾਹਨਾਂ ਦੀ ਵਰਤੋਂ 'ਚ ਆ ਰਹੀ ਮੁਸ਼ਕਲ ਨੂੰ ਧਿਆਨ 'ਚ ਰੱਖਦਿਆ ਇਹ ਸਰਕੁਲਰ ਘੱਟ ਤੋਂ ਘੱਟ ਸਟਾਫ਼ ਨੂੰ ਸੋਮਵਾਰ ਤੋਂ ਕੰਮ ’ਤੇ ਆਉਣ ਦੀ ਇਜਾਜ਼ਤ ਦਿੰਦਾ ਹੈ।’’ ਸਰਕੁਲਰ 'ਚ ਕਿਹਾ ਗਿਆ ਹੈ ਕਿ ਹਾਲਾਂਕਿ, ਸਿਹਤ ਖੇਤਰ ਨਾਲ ਜੁੜੇ ਮੁਲਾਜ਼ਮ ਲਗਾਤਾਰ ਕੰਮ ’ਤੇ ਆਉਣਗੇ।