
ਮੁੰਬਈ (ਨੇਹਾ) : ਇੱਥੋਂ ਦੇ ਅੰਧੇਰੀ ਖੇਤਰ ਵਿੱਚ ਅੱਜ ਵੱਡੇ ਤੜਕੇ ਸੜਕ ਹੇਠੋਂ ਗੁਜ਼ਰਦੀ ਗੈਸ ਪਾਈਪਲਾਈਨ ਨੂੰ ਅੱਗ ਲੱਗਣ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਕਾਰਨ ਦੋ ਵਾਹਨ ਵੀ ਨੁਕਸਾਨੇ ਗਏ।
ਅੱਗ ਬੁਝਾਊ ਅਧਿਕਾਰੀ ਨੇ ਦੱਸਿਆ ਕਿ ਅੰਧੇਰੀ ਖੇਤਰ ਵਿੱਚ ਤਕਸ਼ਿਲਾ ਵਿਚ ਇੱਕ ਗੁਰਦੁਆਰੇ ਨੇੜੇ ਸ਼ੇਰ-ਏ-ਪੰਜਾਬ ਸੁਸਾਇਟੀ ਵਿੱਚ ਇੱਕ ਸੜਕ ਦੇ ਵਿਚਕਾਰੋਂ ਲੰਘਦੀ ਮਹਾਂਨਗਰ ਗੈਸ ਲਿਮਟਿਡ ਦੀ ਸਪਲਾਈ ਪਾਈਪਲਾਈਨ ਵਿੱਚ ਅੱਗ ਲੱਗ ਗਈ। ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਇੱਕ ਪਾਣੀ ਦਾ ਟੈਂਕਰ, ਇੱਕ ਫਾਇਰ ਇੰਜਣ ਅਤੇ ਹੋਰ ਸਹਾਇਤਾ ਮੌਕੇ ’ਤੇ ਭੇਜੀ ਗਈ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।