ਕਣਕ ਆਉਣ ਤੋਂ ਪਹਿਲਾਂ ਅਨਾਜ ਮੰਡੀਆਂ ਹੋਣਗੀਆਂ ਸੈਨੇਟਾਈਜ਼ਰ ਮੰਡੀਆਂ ਚ ਕੀਤੇ ਜਾ ਰਹੇ ਨੇ ਪੁਖਤਾ ਪ੍ਰਬੰਧ – ਚੇਅਰਮੈਨ

by vikramsehajpal

ਬੁਢਲਾਡਾ 9 ਅਪ੍ਰੈਲ (ਕਰਨ): ਸੂਬਾ ਸਰਕਾਰ ਵਲੋਂ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ ਇਸ ਲਈ ਅਨਾਜ ਮੰਡੀਆਂ ਨੂੰ ਸਾਫ਼ ਸਫ਼ਾਈ ਦੇ ਨਾਲ ਨਾਲ ਸੈਨੇਟਾਈਜ਼ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਚ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਨਾ ਆਵੇ। ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਖੇਮ ਸਿੰਘ ਜਟਾਣਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਾਰੇ ਸੈਂਟਰਾਂ ਵਿੱਚ ਸਾਫ਼ ਸਫ਼ਾਈ, ਪਾਣੀ, ਰੌਸ਼ਨੀ, ਪਖਾਨੇ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਦਾਖ਼ਲ ਹੋਣ ਸਮੇਂ ਕਿਸਾਨਾਂ ਨੂੰ ਮਾਸਕ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ। ਚੇਅਰਮੈਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਲੈ ਕੇ ਆਉਣ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਕਿ ਕਿਸਾਨ ਮਜ਼ਦੂਰਾਂ ਨੂੰ ਬੇਲੋੜੀ ਖੱਜਲ ਖੁਆਰੀ ਅਤੇ ਕੋਰੋਨਾ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆ ਜਾ ਰਹੀਅ ਸਹੂਲਤਾਂ ਤਹਿਤ ਖੇਤੀ ਹਾਦਸਿਆਂ ਚ ਨਕਾਰਾ ਹੋਏ ਕਿਸਾਨਾਂ ਨੂੰ ਚੈੱਕ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫਸਲ ਪੂਰੀ ਤਰ੍ਹਾਂ ਪਕਾ ਕੇ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਫਸਲ ਦਾ ਪੂਰਾ ਮੁੱਲ ਮਿਲ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਚੁੱਕਣ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਮੰਡੀਆਂ ਵਿੱਚ ਆਉਣ ਵਾਲੇ ਹਰ ਇਕ ਵਿਅਕਤੀ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਆਉਣ ਤੋਂ ਪਹਿਲਾਂ ਮਾਸਕ, ਸੈਨੀਟਾਈਜ਼ਰ, ਸਮਾਜਿਕ ਦੂਰੀ ਆਦਿ ਵਰਤੋਂ ਜ਼ਰੂਰ ਕਰਨ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬਚਿਆ ਜਾ ਸਕੇ।