ਗ਼ਮ ‘ਚ ਤਬਦੀਲ ਹੋਈ ਕਿਸਾਨਾਂ ਦੀ ਖੁਸ਼ੀ; ਘਰ ਪਰਤਦਿਆਂ ਵਾਪਰਿਆ ਵੱਡਾ ਹਾਦਸਾ; ਦੋ ਕਿਸਾਨਾਂ ਦੀ ਹੋਈ ਮੌਤ

by jaskamal

ਨਿਊਜ਼ ਡੈਸਕ (ਜਸਕਮਲ) : ਟਿੱਕਰੀ ਬਾਰਡਰ ਤੋਂ ਅੰਦੋਲਨ ਸਮਾਪਤ ਕਰ ਕੇ ਘਰ ਪਰਤ ਰਹੇ ਪੰਜਾਬ ਦੇ ਕਿਸਾਨਾਂ ਨਾਲ ਹਰਿਆਣਾ ਦੇ ਹਿਸਾਰ 'ਚ ਹਾਦਸਾ ਵਾਪਰ ਗਿਆ। ਸ਼ਨਿਚਰਵਾਰ ਸਵੇਰੇ ਕਰੀਬ 7 ਵਜੇ ਨੈਸ਼ਨਲ ਹਾਈਵੇਅ 9 (NH-9) 'ਤੇ ਪਿੰਡ ਢੰਡੂਰ ਨੇੜੇ ਕਿਸਾਨਾਂ ਦੀ ਟਰਾਲੀ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਪੰਜਾਬ ਦੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕਿਸਾਨ ਸੁਖਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਜ਼ਖਮੀ ਹੋਏ 8 ਕਿਸਾਨਾਂ 'ਚੋਂ 2 ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਕ ਹੋਰ ਕਿਸਾਨ ਅਜੇਪ੍ਰੀਤ ਨੇ ਵੀ ਦਮ ਤੋੜ ਦਿੱਤਾ।

ਜਾਣਕਾਰੀ ਅਨੁਸਾਰ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਪੰਜਾਬ ਦੇ ਕਿਸਾਨ ਨੈਸ਼ਨਲ ਹਾਈਵੇਅ 9 ਰਾਹੀਂ ਪੰਜਾਬ ਵੱਲ ਜਾ ਰਹੇ ਸਨ ਕਿ ਜਦੋਂ ਕਿਸਾਨਾਂ ਦਾ ਕਾਫਲਾ ਹਿਸਾਰ ਦੇ ਢੰਡੂਰ ਨੇੜੇ ਬਗਲਾ ਰੋਡ ਮੋੜ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਰਾਲੀ ਪਲਟ ਗਈ। ਇਸ ਵਿੱਚ ਮੁਕਤਸਰ ਸਾਹਿਬ ਦੇ ਕਿਸਾਨ ਸੁਖਵਿੰਦਰ ਸਿੰਘ (38) ਦੀ ਮੌਤ ਹੋ ਗਈ। ਹਾਦਸੇ 'ਚ ਜ਼ਖ਼ਮੀ ਹੋਏ ਅਜੈ ਪ੍ਰੀਤ (38), ਗੋਗਾ (62) ਅਤੇ ਦਾਰਾ ਸਿੰਘ (55) ਨੂੰ ਹਿਸਾਰ ਦੇ ਚੂੜਾਮਣੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।