ਪੰਜ ਪਿਆਰਿਆ ਦੇ ਬਿਆਨ ਮਗਰੋਂ ਹਰੀਸ਼ ਰਾਵਤ ਨੇ ਮੰਗੀ ਮਾਫ਼ੀ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਬੀਤੇ ਦਿਨ ਹਰੀਸ਼ ਰਾਵਤ ਵਲੋਂ ਨਵਜੋਤ ਸਿੰਘ ਸਿੱਧੂ ਅਤੇ 4 ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ 5 ਪਿਆਰਿਆਂ ਨਾਲ ਕਰਨ ’ਤੇ ਮਾਮਲਾ ਭਖ਼ਦਾ ਵੇਖ ਅੱਜ ਮੁਆਫੀ ਮੰਗ ਲਈ ਗਈ ਹੈ। ਇਸ ਸਬੰਧੀ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਕਈ ਵਾਰ ਆਦਰ ਦਿੰਦੇ-ਦਿੰਦੇ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਦਿੰਦੇ ਹਾਂ ਜੋ ਇਤਰਾਜ਼ਯੋਗ ਹੁੰਦੇ ਹਨ। ਹਰੀਸ਼ ਰਾਵਤ ਨੇ ਕਿਹਾ ਕਿ ਮੇਰੇ ਕੋਲੋਂ ਵੀ ਕੱਲ੍ਹ ਆਪਣੇ ਮਾਨਯੋਗ ਪ੍ਰਧਾਨ ਅਤੇ ਚਾਰ ਅਧਿਕਾਰੀਆਂ ਦੀ ਪੰਜ ਪਿਆਰਿਆਂ ਨਾਲ ਤੁਲਨਾ ਕਰਨ ਦੀ ਗਲਤੀ ਹੋਈ ਹੈ।

ਹਰੀਸ਼ ਰਾਵਤ ਨੇ ਕਿਹਾ ਕਿ ਜੇਕਰ ਮੇਰੇ ਇਨ੍ਹਾਂ ਸ਼ਬਦਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ।ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਗਲਤੀ ਦੀ ਸਜ਼ਾ ਭੁਗਤਣ ਲਈ ਗੁਰਦੁਆਰੇ ’ਚ ਕੁੱਝ ਦੇਰ ਝਾੜੂ ਲਗਾ ਕੇ ਸਫ਼ਾਈ ਕਰਾਂਗਾ। ਮੈਂ ਸਿੱਖ ਧਰਮ ਅਤੇ ਉਨ੍ਹਾਂ ਦੀਆਂ ਮਹਾਨ ਪਰੰਪਰਾਵਾਂ ਦੇ ਪ੍ਰਤੀ ਹਮੇਸ਼ਾ ਸਮਰਪਣ ਅਤੇ ਆਦਰ ਸਤਿਕਾਰ ਰੱਖਦਾ ਹਾਂ।

ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਚੰਡੀਗੜ੍ਹ ਪੁੱਜੇ ਹਰੀਸ਼ ਰਾਵਤ ਖ਼ੁਦ ਬੀਤੇ ਦਿਨ ਇਕ ਵਿਵਾਦ ਵਿਚ ਉਲਝ ਗਏ ਸਨ। ਮੰਗਲਵਾਰ ਨੂੰ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਅਤੇ 4 ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ 5 ਪਿਆਰਿਆਂ ਨਾਲ ਕਰ ਦਿੱਤੀ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭੌਂਹਾਂ ਤਾਣ ਲਈਆਂ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਹਰੀਸ਼ ਰਾਵਤ ਖ਼ਿਲਾਫ਼ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।