
ਮਹਿਤਪੁਰ (ਰਾਘਵ): ਜਲੰਧਰ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੀ ਸ਼ਾਮ ਕਰੀਬ 6.45 ਵਜੇ ਪਰਜੀਆਂ ਰੋਡ ’ਤੇ ਓਵਰਲੋਡ ਗੰਨੇ ਦੀ ਟਰਾਲੀ ਪਲਟਣ ਨਾਲ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਅਨੁਸਾਰ ਪਰਜੀਆਂ ਵੱਲੋਂ ਗੰਨੇ ਦੀ ਓਵਰਲੋਡ ਟਰਾਲੀ ਸ਼ੂਗਰ ਮਿੱਲ ਗੰਨਾ ਲੈ ਕੇ ਜਾ ਰਹੀ ਸੀ, ਜਦੋਂ ਟਰਾਲੀ ਮਹਿਤਪੁਰ ਦਾਖ਼ਲ ਹੋਈ ਤਾਂ ਸੀਵਰੇਜ ਬੋਰਡ ਵੱਲੋਂ ਪੁੱਟੀ ਸੜਕ ਕਾਰਨ ਕਵਾਲਟੀ ਸੁਪਰ ਸਟੋਰ ਦੇ ਬਾਹਰ ਪਲਟ ਗਈ।
ਇਸ ਦੌਰਾਨ ਮੇਨ ਬਾਜ਼ਾਰ ਸਥਿਤ ਕਾਲ਼ਾ ਫਰੂਟ ਸ਼ਾਪ ਦਾ ਮਾਲਕ ਭੋਲਾ ਆਪਣੇ ਪੁੱਤਰਾਂ ਨੂੰ ਘਰ ਛੱਡਣ ਜਾ ਰਿਹਾ ਸੀ ਤੇ ਟਰਾਲੀ ਉਨ੍ਹਾਂ ਉੱਪਰ ਪਲਟ ਗਈ। ਨਜ਼ਦੀਕ ਖੜ੍ਹੇ ਲੋਕਾਂ ਨੇ ਰੌਲ਼ਾ ਪਾਇਆ ਤੇ ਫਸੇ ਵਿਅਕਤੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਸਖ਼ਤ ਮਿਹਨਤ ਨਾਲ ਟਰਾਲੀ ਹੇਠਾਂ ਦੱਬੇ ਪਿਓ-ਪੁੱਤਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ 13 ਸਾਲਾ ਮੁੰਡੇ ਦੀ ਮੌਤ ਹੋ ਗਈ। ਪੁਲਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ। ਜ਼ਿਕਰਯੋਗ ਹੈ ਕਿ ਸੀਵਰੇਜ ਬੋਰਡ ਵੱਲੋਂ ਮਹਿਤਪੁਰ ਦੀਆਂ ਸਾਰੀਆਂ ਸੜਕਾਂ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਲਈ ਕਾਫੀ ਸਮੇਂ ਤੋਂ ਪੁੱਟਿਆ ਜਾ ਰਿਹਾ ਹੈ ਪਰ ਉਹ ਸਮੇਂ ਸਿਰ ਨਹੀਂ ਬਣੀਆਂ ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਰੋਸ ਹੈ ਕਿਉਂਕਿ ਇਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ।