ਇਕ-ਇਕ ਕਰ ਕੇ ਸਾਰੇ ਮੁੱਦਿਆਂ ਨੂੰ ਕਰਾਂਗਾ ਖ਼ਤਮ : ਕੈਪਟਨ ਅਮਰਿੰਦਰ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ-ਇਕ ਕਰ ਕੇ ਆਪਣੀ ਸਰਕਾਰ ਵਿਰੁੱਧ ਸਭ ਮੁੱਦਿਆਂ ਨੂੰ ਖਤਮ ਕਰਨ ਵਿਚ ਜੁਟ ਗਏ ਹਨ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਉਂਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਆਪਣੀ ਯੋਜਨਾ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਅਧੀਨ ਇਕ ਦਿਨ ਪਹਿਲਾਂ ਮੁੱਖ ਮੰਤਰੀ ਨੇ ਪੈਨਸ਼ਨ ਦਾ ਮਾਮਲਾ ਹੱਲ ਕਰ ਦਿੱਤਾ, ਜਿਸ ਅਧੀਨ ਪੈਨਸ਼ਨਧਾਰਕਾਂ ਦੀ ਪੈਨਸ਼ਨ ਨੂੰ ਵਧਾ ਕੇ 1500 ਰੁਪਏ ਮਾਸਿਕ ਕਰ ਦਿੱਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਸੇ ਤਰ੍ਹਾਂ ਵਾਦ-ਵਿਵਾਦ ਵਾਲੇ ਕਈ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ। ਜ਼ਮੀਨ ਰਹਿਤ ਅਤੇ ਖੇਤੀਬਾੜੀ ਮਜ਼ਦੂਰਾਂ ਦੇ ਕਰਜ਼ਿਆਂ ਨੂੰ ਵੀ ਮੁਆਫ ਕਰ ਦਿੱਤਾ ਗਿਆ ਸੀ। ਸਰਕਾਰੀ ਮੁਲਾਜ਼ਮਾਂ ਦਾ ਮਾਮਲਾ ਵੀ ਹੱਲ ਕਰ ਦਿੱਤਾ ਗਿਆ ਹੈ। ਇਸ ਅਧੀਨ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਮੁਤਾਬਿਕ ਭਾਵੇਂ ਅਜੇ ਸਾਬਕਾ ਅਕਾਲੀ ਸਰਕਾਰ ਸਮੇਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵੱਡੇ ਮਗਰਮੱਛਾਂ ’ਤੇ ਹੱਥ ਪਾਉਣਾ ਬਾਕੀ ਹੈ ਪਰ ਕਿਉਂਕਿ ਇਸ ਵਿਚ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਨ ਵਿਚ ਸਮਾਂ ਲੱਗ ਰਿਹਾ ਹੈ, ਇਸ ਲਈ ਇਨ੍ਹਾਂ ਵਿਚ ਅਜੇ ਇਕ-ਦੋ ਮਹੀਨੇ ਹੋਰ ਲੱਗ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਇਹ ਮੰਨ ਕੇ ਚੱਲ ਰਹੇ ਹਨ ਕਿ ਅਕਤੂਬਰ ਤੱਕ ਇਨ੍ਹਾਂ ਦੋਵਾਂ ਮਾਮਲਿਆਂ ਵਿਚ ਵੀ ਠੋਸ ਪ੍ਰਗਤੀ ਸਾਹਮਣੇ ਆ ਜਾਵੇਗੀ।

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਐੱਸ. ਆਈ. ਟੀ. ਕਰ ਰਹੀ ਹੈ। ਜਲਦੀ ਹੀ ਇਸ ਦੇ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਇਸ ਸਾਰੇ ਮਾਮਲੇ ਵਿਚ ਇਕ ਅਹਿਮ ਮੋੜ ਆ ਸਕਦਾ ਹੈ। ਨਸ਼ਿਆਂ ਦੇ ਕਾਰੋਬਾਰੀਆਂ ’ਤੇ ਹੱਥ ਪਾਉਣ ਦੇ ਹੁਕਮ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਐੱਸ. ਟੀ. ਐੱਫ. ਨੂੰ ਦਿੱਤੇ ਜਾ ਚੁੱਕੇ ਹਨ।

ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਅਗਲੇ ਕੁਝ ਦਿਨਾਂ ਵਿਚ ਦਲਿਤਾਂ ਨੂੰ ਲੈ ਕੇ ਅਹਿਮ ਫੈਸਲਾ ਲੈਣਗੇ। ਇਸੇ ਮਹੀਨੇ ਵਿਧਾਨ ਸਭਾ ਦਾ ਸਮਾਗਮ ਸੱਦ ਕੇ ਦਲਿਤਾਂ ਦੀ ਆਬਾਦੀ ’ਤੇ ਖਰਚ ਹੋਣ ਵਾਲੇ ਬਜਟ ਦੀ ਹੱਦ ਨੂੰ ਤੈਅ ਕੀਤਾ ਜਾ ਸਕਦਾ ਹੈ। ਕਾਂਗਰਸੀ ਆਗੂਆਂ ਨੇ ਦੱਿਸਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪਤਾ ਹੈ ਕਿ ਆਉਂਦੀਆਂ ਅਸੈਂਬਲੀ ਚੋਣਾਂ ਵਿਚ ਚੋਣ ਜੰਗ ਵਿਚ ਉਤਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਭ ਮਾਮਲਿਆਂ ਨੂੰ ਖਤਮ ਕਰਨਾ ਹੈ।

ਇਨ੍ਹਾਂ ਨੂੰ ਜਿੰਨੀ ਜਲਦੀ ਖਤਮ ਕੀਤਾ ਜਾਏਗਾ, ਓਨਾ ਹੀ ਚੋਣ ਜੰਗ ਨੂੰ ਜਿੱਤਣਾ ਉਨ੍ਹਾਂ ਲਈ ਸੌਖਾ ਹੋਵੇਗਾ। ਮੁੱਖ ਮੰਤਰੀ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਨਸ਼ਿਆਂ ਦਾ ਮਾਮਲਾ ਬਹੁਤ ਵਧਿਆ ਹੈ। ਇਸ ਵਿਚ ਸਮਾਂ ਲੱਗਣ ਦਾ ਮੁੱਖ ਕਾਰਨ ਚੋਣ ਉਲਝਣਾਂ ਹਨ, ਜਿਨ੍ਹਾਂ ਬਾਰੇ ਉਹ ਸੋਨੀਆ ਗਾਂਧੀ ਨੂੰ ਜਾਣੂ ਕਰਵਾ ਚੁੱਕੇ ਹਨ।