ਪੰਜਾਬ ਦੇ ਅਸਲਾ ਲਾਇਸੈਂਸ ਧਾਰਕਾਂ ਲਈ ਅਹਿਮ ਖ਼ਬਰ

by nripost

ਅੰਮ੍ਰਿਤਸਰ (ਰਾਘਵ): ਡੀ. ਸੀ. ਦਫ਼ਤਰ ਦੀ ਅਸਲਾ ਬਰਾਂਚ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜ਼ਿਲੇ ਦੇ 131 ਲਾਇਸੈਂਸੀ ਅਸਲਾ ਧਾਰਕਾਂ ਨੇ ਪਿਛਲੇ ਪੰਜ ਸਾਲਾਂ ਤੋਂ ਆਪਣਾ ਤੀਜਾ ਹਥਿਆਰ ਜਮ੍ਹਾ ਨਹੀਂ ਕਰਵਾਇਆ, ਜਿਨ੍ਹਾਂ ਖਿਲਾਫ ਪ੍ਰਸ਼ਾਸਨ ਵਲੋਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 2019 ਦੇ ਨੋਟੀਫਿਕੇਸ਼ਨ ਅਨੁਸਾਰ ਸਵੈ-ਰੱਖਿਆ ਲਈ ਅਸਲਾ ਲਾਇਸੈਂਸ ’ਤੇ ਸਿਰਫ਼ ਦੋ ਹਥਿਆਰ ਹੀ ਰੱਖੇ ਜਾ ਸਕਦੇ ਹਨ, ਜਦਕਿ ਪਹਿਲਾਂ ਤਿੰਨ ਹਥਿਆਰ ਰੱਖਣ ਦੀ ਵਿਵਸਥਾ ਸੀ।

ਪ੍ਰਸ਼ਾਸਨ ਦੀ ਸੂਚੀ ਅਨੁਸਾਰ ਥਾਣਾ ਭਿੰਡੀਸੈਦਾਂ ਖੇਤਰ ਵਿਚ 3, ਥਾਣਾ ਕੰਬੋਅ ਖੇਤਰ ਵਿਚ 12, ਖਲਚੀਆਂ ਖੇਤਰ ਵਿਚ 5, ਰਾਮਦਾਸ ਖੇਤਰ ਵਿਚ 7, ਲੋਪੋਕੇ ਖੇਤਰ ਵਿਚ 19, ਬਿਆਸ ਖੇਤਰ ਵਿਚ 8, ਅਜਨਾਲਾ ਖੇਤਰ ਵਿਚ 4, ਘਰਿੰਡਾ ਖੇਤਰ ਵਿਚ 9, ਜੰਡਿਆਲਾ ਖੇਤਰ ਵਿਚ 15, ਕੱਥੂਨੰਗਲ ਖੇਤਰ ਵਿਚ 6, ਝੰਡੇਰ ਖੇਤਰ ਵਿਚ 5, ਚਾਟੀਵਿੰਡ ਖੇਤਰ ਵਿਚ 8, ਮਜੀਠਾ ਖੇਤਰ ਵਿਚ 10, ਮੱਤੇਵਾਲ ਖੇਤਰ ਵਿਚ 3, ਤਰਸਿੱਕਾ ਵਿਚ 6 ਅਤੇ ਥਾਣਾ ਰਾਜਾਸਾਂਸੀ ਖੇਤਰ ਵਿਚ 11 ਵਿਅਕਤੀਆਂ ਨੇ ਅਜੇ ਤਕ ਆਪਣਾ ਤੀਜਾ ਲਾਇਸੈਂਸੀ ਹਥਿਆਰ ਜਮ੍ਹਾ ਨਹੀਂ ਕਰਵਾਇਆ ਹੈ।

ਦੱਸ ਦੇਈਏ ਕਿ ਸਾਲ 2019 ’ਚ ਸਰਕਾਰ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਪੂਰੇ ਸੂਬੇ ਦੇ ਲਾਇਸੈਂਸੀ ਅਸਲਾਧਾਰਕਾਂ ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕਿ ਆਪਣਾ ਤੀਜਾ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਜਾਣ ਕਿਉਂਕਿ ਨਵੇਂ ਨਿਯਮ ਅਨੁਸਾਰ ਲਾਇਸੈਂਸੀ ਅਸਲਾਧਾਰਕ ਸਿਰਫ ਦੋ ਹਥਿਆਰ ਹੀ ਆਪਣੀ ਸੁਰੱਖਿਆ ਲਈ ਰੱਖ ਸਕਦਾ ਹੈ ਜਿਸ ’ਚ ਇਕ ਹੈਂਡ ਗਨ (ਰਿਵਾਲਵਰ ਜਾਂ ਪਿਸਟਲ ਆਦਿ) ਅਤੇ ਦੂਜੀ ਰਾਈਫਲ ਜਾਂ 12 ਬੋਰ ਬੰਦੂਕ ਆਦਿ ਹੀ ਰੱਖੀ ਜਾ ਸਕਦੀ ਹੈ। ਪਰ ਦਿਹਾਤੀ ਇਲਾਕਿਆਂ ’ਚ ਹੁਣ ਵੀ ਲਾਇਸੈਂਸੀ ਅਸਲਾਧਾਰਕਾਂ ਨੇ ਆਪਣਾ ਤੀਜਾ ਹਥਿਆਰ ਜਮ੍ਹਾਂ ਨਹੀਂ ਕਰਵਾਇਆ ਹੈ ਜਿਨ੍ਹਾਂ ਦੀ ਦੁਰਵਰਤੋਂ ਤਾਂ ਹੋਣ ਦੀ ਸੰਭਾਵਨਾ ਰਹਿੰਦੀ ਹੀ ਹੈ ਉਥੇ ਕਾਨੂੰਨ ਦਾ ਵੀ ਘੋਰ ਉਲੰਘਣ ਹੋ ਰਿਹਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਏ. ਡੀ. ਸੀ. (ਜ) ਰੋਹਿਤ ਗੁਪਤਾ ਨੇ ਇਕ ਹੁਕਮ ਜਾਰੀ ਕਰ ਕੇ ਸਾਰੇ ਲਾਇਸੈਂਸੀ ਅਸਲਾਧਾਰਕਾਂ ਨੂੰ ਆਪਣਾ ਤੀਜਾ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।

More News

NRI Post
..
NRI Post
..
NRI Post
..