ਭਾਰਤੀ ਨੌਜਵਾਨ ਨੇ ਅਮਰੀਕਾ ‘ਚ ਚਮਕਾਇਆ ਨਾਂ , ਸਟੈੱਮ ਸੈੱਲ ਦੀ ਕੀਤੀ ਖੋਜ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਦੇ ਪਿੰਡ ਜਾਜਾ ਦੇ ਹੋਣਹਾਰ ਵਿਦਿਆਰਥੀ ਗੌਰਵ ਸੈਣੀ ਨੂੰ ਸਟੈੱਮ ਸੈੱਲ ਉੱਤੇ ਕੀਤੀ ਖੋਜ ਕਾਰਨ ਕੈਲੀਫੋਰਨੀਆ ਇੰਸਟੀਚਿਊਟ ਆਫ਼ ਰੀਜਨਰੇਟਿਵ ਮੈਡੀਸਨ ਨੇ 45,000 ਅਮਰੀਕੀ ਡਾਲਰ ਦੇ ਇਨਾਮ ਨਾਲ ਨਿਵਾਜਿਆ ਹੈ। ਇਸ ਖੋਜ ਤਹਿਤ ਸਟੈਮ ਸੈੱਲਾਂ ਨਾਲ ਇਲਾਜ ਦੀ ਤਕਨੀਕ ਦੀ ਖੋਜ ਕੀਤੀ ਜਾਵੇਗੀ, ਜੋ ਕੈਂਸਰ ਅਤੇ ਹੋਰ ਖ਼ਤਰਨਾਕ ਬੀਮਾਰੀਆਂ ਦੇ ਇਲਾਜ 'ਚ ਲਾਹੇਵੰਦ ਹੋਵੇਗੀ।

ਅਮੀਰਕਾ ਵਿੱਚ ਇਹ ਵੱਡਾ ਮੁਕਾਮ ਹਾਸਲ ਕਰਨ ਵਾਲੇ ਗੌਰਵ ਦੇ ਪਿਤਾ ਸੀਨੀਅਰ ਫਾਰਮੇਸੀ ਅਫ਼ਸਰ ਸਰਕਾਰੀ ਹਸਪਤਾਲ ਟਾਂਡਾ ਬਲਰਾਜ ਸਿੰਘ ਅਤੇ ਮਾਤਾ ਫਾਰਮੇਸੀ ਅਫ਼ਸਰ ਨਵਜੋਤ ਕੌਰ ਨੇ ਆਪਣੇ ਬੇਟੇ ’ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਗੌਰਵ ਹੁਣ ਮਾਸਟਰਜ਼ ਆਫ਼ ਸਟੈਮ ਸੈੱਲ ਟੈਕਨਾਲੋਜੀ ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ ਚੈਨਲ ਆਈਲੈਂਡਜ਼ ਕੈਮਰਿਲਿਓ ਅਮਰੀਕਾ ਵਿਚ ਪੜ੍ਹਾਈ ਕਰ ਰਿਹਾ ਹੈ ਅਤੇ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ, ਉਹ ਦੁਨੀਆ ਦੀ ਨੰਬਰ ਤਿੰਨ ਅਤੇ ਅਮਰੀਕਾ ਦੀ ਨੰਬਰ ਇਕ ਯੂਨੀਵਰਸਿਟੀ ਸਟੈਨਫੋਰਡ ਯੂਨੀਵਰਸਿਟੀ ਵਿਚ ਸਟੈਮ ਸੈੱਲਾਂ 'ਤੇ ਹੋਰ ਖੋਜ ਕਰੇਗਾ।

ਉਨ੍ਹਾਂ ਦੱਸਿਆ ਕਿ ਗੌਰਵ ਦੀ ਭੈਣ ਜਸਲੀਨ ਸੈਣੀ ਵੀ 2017 ਤੋਂ ਅਮਰੀਕਾ ਦੀ ਯੂਨੀਵਰਸਿਟੀ ਵਿਚ ਸੈੱਲ ਅਤੇ ਕੈਂਸਰ ਬਾਇਓਲੋਜੀ 'ਤੇ ਖੋਜ ਕਰ ਰਹੀ ਹੈ ਅਤੇ ਉਸ ਨੂੰ 260000 ਡਾਲਰ ਦੀ ਸਕਾਲਰਸ਼ਿਪ ਵੀ ਮਿਲੀ ਹੈ।