Jammu-Kashmir : ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 6 ਅੱਤਵਾਦੀ ਢੇਰ, ਇਕ ਪੁਲਿਸ ਮੁਲਾਜ਼ਮ ਜ਼ਖਮੀ

by jaskamal

 ਨਿਊਜ਼ ਡੈਸਕ (ਜਸਕਮਲ) : ਜੰਮੂ-ਕਸ਼ਮੀਰ ਦੇ ਦੋ ਜ਼ਿਲ੍ਹਿਆਂ 'ਚ ਵੱਖ-ਵੱਖ ਮੁਕਾਬਲੇ ਦੌਰਾਨ ਪੁਲਸ ਨੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਅੱਤਵਾਦੀਆਂ ਖਿਲਾਫ ਇਸ ਕਾਰਵਾਈ 'ਚ ਇਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਇਆ ਹੈ। ਫਿਲਹਾਲ ਹਸਪਤਾਲ 'ਚ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਸ਼ਨਿਚਰਵਾਰ ਨੂੰ ਵੀ ਸੁਰੱਖਿਆ ਬਲਾਂ ਨੇ ਸ਼ੋਪੀਆਂ ਜ਼ਿਲ੍ਹੇ 'ਚ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।

ਕਸ਼ਮੀਰ ਪੁਲਿਸ ਦੇ ਆਈਜੀ ਦੇ ਹਵਾਲੇ ਨਾਲ ਕਿਹਾ ਕਿ ਅਨੰਤਨਾਗ ਅਤੇ ਕੁਲਗਾਮ 'ਚ ਵੱਖ-ਵੱਖ ਮੁਕਾਬਲਿਆਂ 'ਚ 6 ਅੱਤਵਾਦੀ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਸਨ। ਮਾਰੇ ਗਏ ਅੱਤਵਾਦੀਆਂ 'ਚੋਂ 4 ਦੀ ਪਛਾਣ ਹੋ ਗਈ ਹੈ। ਇਨ੍ਹਾਂ 'ਚੋਂ ਦੋ ਪਾਕਿਸਤਾਨੀ ਨਾਗਰਿਕ ਸਨ। ਜਦਕਿ ਦੋ ਸਥਾਨਕ ਅੱਤਵਾਦੀ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਜ਼ਿਲਿਆਂ 'ਚ ਦੋ ਵੱਖ-ਵੱਖ ਅੱਤਵਾਦ ਵਿਰੋਧੀ ਮੁਹਿੰਮਾਂ ਚਲਾਈਆਂ ਗਈਆਂ। ਪੁਲਸ ਨੇ ਦੱਸਿਆ ਕਿ ਅਨੰਤਨਾਗ ਦੇ ਨੌਗਾਮ ਇਲਾਕੇ 'ਚ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਖਤਾ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕੁਲਗਾਮ ਜ਼ਿਲ੍ਹੇ ਦੇ ਮਿਰਹਾਮਾ ਵਿਖੇ ਮੁੱਠਭੇੜ ਨੂੰ ਅੰਜਾਮ ਦਿੱਤਾ। ਇੱਥੇ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।