ਫੇਸਬੁੱਕ ਪੇਜ ’ਤੇ ਖੱਤਰੀ ਗਰੁੱਪ ਨੇ ਨਵਾਂਸ਼ਹਿਰ ’ਚ ਨੌਜਵਾਨ ਦੇ ਕਤਲ ਦੀ ਚੁੱਕੀ ਜ਼ਿੰਮੇਵਾਰੀ ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂਸ਼ਹਿਰ ਵਿਖੇ ਬੀਤੇ ਦਿਨੀਂ ਰਾਹੋਂ-ਫਿਲੌਰ ਰੋਡ ’ਤੇ ਭੱਲਾ ਫੀਲਿੰਗ ਸਟੇਸ਼ਨ ’ਤੇ ਦਿਨ-ਦਿਹਾੜੇ ਕਤਲ ਕੀਤੇ ਗਏ ਕਾਂਗਰਸੀ ਪੰਚ ਦੇ ਮਾਮਲੇ ਵਿਚ ਪੁਲਸ ਹੁਸ਼ਿਆਰਪੁਰ ਜੇਲ੍ਹ ’ਚ ਬੰਦ ਗੈਂਗਸਟਰ ਪ੍ਰਣਵ ਉਰਫ਼ ਪਾਰੂ ਵਾਸੀ ਵਿਕਾਸ ਨਗਰ ਨਵਾਂਸ਼ਹਿਰ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਨਵਾਂਸ਼ਹਿਰ ਲੈ ਕੇ ਆਈ ਹੈ। ਇਸ ਤੋਂ ਪਹਿਲਾਂ ਕਤਲ ਕਾਂਡ ਵਿਚ ਦੋਸ਼ੀ ਦੱਸੇ ਗਏ ਦੀਪਾ ਨੂੰ ਵੀ ਪੁਲਿਸ ਨੇ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਉਥੇ ਹੀ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਖਤਰੀ ਗਰੁੱਪ ਵੱਲੋਂ ਲਈ ਗਈ ਹੈ।

ਪੁਲਿਸ ਰਿਮਾਂਡ ’ਤੇ ਲਏ ਗਏ ਦੀਪਾ ਤੋਂ ਕੀਤੀ ਪੁੱਛਗਿੱਛ ’ਚ ਪੁਲਿਸ ਨੂੰ ਕਈ ਅਹਿਮ ਸੁਰਾਗ ਹਾਸਲ ਹੋਏ ਹਨ। ਦੀਪਾ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਕੰਗ ਦੇ ਮੱਖਣ ਸਿੰਘ ਦਾ ਕਤਲ ਕਰਨ ਲਈ ਵਰਤੀ ਸਫਾਰੀ ਗੱਡੀ ਗੈਂਗਸਟਰ ਖੱਤਰੀ ਨੇ ਉਪਲੱਬਧ ਕਰਵਾਈ ਸੀ। ਜਾਂਚ ’ਚ ਨਵਾਂਸ਼ਹਿਰ ਦੇ ਵਿਕਾਸ ਨਗਰ ਵਾਸੀ ਪ੍ਰਣਵ ਉਰਫ਼ ਪਾਰੂ ਜਿਸ ’ਤੇ ਕਈ ਅਪਰਾਧਕ ਮਾਮਲੇ ਦਰਜ ਅਤੇ ਪਹਿਲਾਂ ਤੋਂ ਹੀ ਹੁਸ਼ਿਆਰਪੁਰ ਦੀ ਜੇਲ੍ਹ ’ਚ ਬੰਦ ਹੈ ਦਾ ਨਾਂ ਆਉਣ ’ਤੇ ਪੁਲਸ ਨੇ ਪਾਰੂ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲੈ ਕੇ ਅਦਾਲਤ ’ਚ ਪੇਸ਼ ਕੀਤਾ ਜਿੱਥੇ ਮਾਣਯੋਗ ਅਦਾਲਤ ਨੇ ਪਾਰੂ ਨੂੰ 4 ਦਿਨਾਂ ਲਈ ਪੁਲਸ ਰਿਮਾਂਡ ’ਤੇ ਸੌਂਪਿਆ ਹੈ।

ਜਾਣਕਾਰੀ ਅਨੁਸਾਰ ਗੈਂਗਸਟਰ ਸ਼ਿਵਲ ਮਹਾਲੋਂ ਨੇ ਫੇਸਬੁੱਕ ’ਤੇ ਪੋਸਟ ਸ਼ੇਅਰ ਕੀਤੀ ਹੈ ਕਿ ਜਿਸ ’ਚ ਦੱਸਿਆ ਹੈ ਕਿ ਮੱਖਣ ਕੰਗ ਦੇ ਕਤਲ ਦੀ ਜ਼ਿੰਮੇਵਾਰੀ ਖਤਰੀ ਗਰੁੱਪ ਲੈਂਦਾ ਹੈ। ਪੋਸਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕੰਗ ਦਾ ਕਤਲ ਸ਼ਿਵਮ ਮਹਾਲੋਂ ਵਾਲਾ ਅਤੇ ਜੱਸੀ ਲੋਧੀਪੁਰ ਨੇ ਕੀਤਾ ਹੈ ਅਤੇ ਇਸ ਕਲਦ ਦੇ ਨਾਲ ਦੀਪਾ ਬੇਗਮਪੁਰੀ ਦਾ ਕੋਈ ਲੈਣ-ਦੇਣ ਨਹੀਂ ਹੈ।

ਪੁਲਿਸ ਪ੍ਰਸ਼ਾਸਨ ਨੂੰ ਕਿਸੇ ਹੋਰ ਨਾਲ ਧੱਕਾ ਨਾ ਕਰਨ ਅਤੇ ਬਣਦੀ ਕਾਰਵਾਈ ਦੀ ਅਪੀਲ ਕੀਤੀ ਗਈ ਹੈ। ਪੋਸਟ ਵਿਚ ਲਿਖਿਆ ਗਿਆ ਹੈ ਕਿ ਜੋ ਸੁਰਜੀਤ ਸਬੰਧੀ ਗੱਲਾਂ ਕਰਦੇ ਸਨ ਉਹ ਆਪਣਾ ਖਿਆਲ ਰੱਖਣ, ਹੁਣ ਉਨ੍ਹਾਂ ਉਸ ਦਾ ਹਿਸਾਬ ਲਿਆ ਹੈ ਅਤੇ ਬਾਕੀ ਹਿਸਾਬ ਵੀ ਜਲਦ ਕੀਤੇ ਜਾਣਗੇ। ਉਨ੍ਹਾਂ ਹੋਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਮਾਮਲੇ ’ਚ ਨਾ ਆਉਣ ਅਤੇ ਹਰੇਕ ਦਾ ਹਿਸਾਬ ਕੀਤਾ ਜਾਵੇਗਾ।

ਐੱਸ. ਪੀ. ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਉਕਤ ਪੋਸਟ ਨੂੰ ਸ਼ਿਵਮ ਮਹਾਲੋਂ ਅਤੇ ਖਤਰੀ ਦੇ ਪੇਜ ’ਤੇ ਵੇਖਿਆ ਗਿਆ ਹੈ। ਜਿਸ ਸਬੰਧੀ ਪੁਲਿਸ ਇਹ ਪਤਾ ਕਰਨ ’ਚ ਲੱਗੀ ਹੋਈ ਹੈ ਕਿ ਉਕਤ ਗੈਂਗਸਟਰ ਦੀ ਕਾਰਵਾਈ ਨੂੰ ਕਿਧਰੇ ਪ੍ਰਭਾਵਿਤ ਕਰਨ ਦਾ ਯਤਨ ਤਾ ਨਹੀਂ ਕੀਤਾ ਜਾ ਰਿਹਾ।