ਗੁੱਜਰ ਸੰਘਰਸ਼ ਕਮੇਟੀ ਦਾ ਵੱਡਾ ਚਿਹਰਾ ਰਹੇ ਕਿਰੋੜੀ ਸਿੰਘ ਬੈਂਸਲਾ ਦਾ ਹੋਇਆ ਦਿਹਾਂਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁੱਜਰ ਰਿਜ਼ਰਵੇਸ਼ਨ ਸੰਘਰਸ਼ ਕਮੇਟੀ ਦੇ ਨੇਤਾ ਰਹੇ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਬੈਂਸਲਾ ਕਈ ਦਿਨਾਂ ਤੋਂ ਬੀਮਾਰ ਸਨ। ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੇ ਗੁੱਜਰ ਨੇਤਾ ਦੇ ਦਿਹਾਂਤ ’ਤੇ ਦੁੱਖ ਜਤਾਉਂਦੇ ਹੋਏ ਟਵੀਟ ਕੀਤਾ ਕਿ ਕਰਨਲ ਕਿਰੋੜੀ ਸਿੰਘ ਬੈਂਸਲਾ ਦੇ ਦਿਹਾਂਤ ਦੀ ਖ਼ਬਰ ਦੁਖ਼ਦ ਹੈ। ਸਮਾਜ ਸੁਧਾਰ ਅਤੇ ਸਮਾਜ ਨੂੰ ਸੰਗਠਿਤ ਕਰਨ ’ਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।’’

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਰਵਾਰ ਤੜਕੇ ਸਿਹਤ ਜ਼ਿਆਦਾ ਵਿਗੜਨ ’ਤੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬੈਂਸਲਾ ਰਾਜਸਥਾਨ ’ਚ ਗੁੱਜਰ ਰਿਜ਼ਰਵੇਸ਼ਨ ਨੂੰ ਲੈ ਕੇ ਚਲੇ ਅੰਦੋਲਨ ਦੇ ਮੁੱਖ ਚਿਹਰਾ ਰਹੇ ਹਨ।

ਕਰਨਲ ਬੈਂਸਲਾ ਨੇ ਰਾਜਸਥਾਨ ’ਚ ਗੁੱਜਰਾਂ ਲਈ ਵਿਸ਼ੇਸ਼ ਹੋਰ ਪਿਛੜਾ ਵਰਗ ਤਹਿਤ ਗੁੱਜਰਾਂ ਨੂੰ ਸਰਕਾਰੀ ਨੌਕਰੀ ’ਚ 5 ਫ਼ੀਸਦੀ ਰਿਜ਼ਰਵੇਸ਼ਨ ਦਿਵਾਇਆ। ਅੰਦੋਲਨ ਕਾਰਨ ਗੁੱਜਰਾਂ ਨੂੰ ਓ. ਬੀ. ਸੀ. ਅਤੇ ਐੱਮ. ਬੀ. ਸੀ. ’ਚ ਸ਼ਾਮਲ ਕੀਤਾ ਗਿਆ। ਬੈਂਸਲਾ ਦੇ ਦਿਹਾਂਤ ’ਤੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਸੂਬੇ ਦੇ ਤਮਾਮ ਨੇਤਾਵਾਂ ਨੇ ਬੈਂਸਲਾ ਦੇ ਦਿਹਾਂਤ ’ਤੇ ਦੁੱਖ ਜਤਾਇਆ ਹੈ।