ਲੁਟੇਰਿਆਂ ਦੇ ਹੌਸਲੇ ਬੁਲੰਦ ਗੰਨ ਪੁਆਇੰਟ ‘ਤੇ ਕੀਤੀਆਂ ਜਾ ਰਹੀਆਂ ਨੇ ਲੁੱਟਾਂ , ਸ਼ਰੇਆਮ ਚੱਲਦੀਆਂ ਨੇ ਤਾਬੜਤੋੜ ਗੋਲੀਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਕਮਿਸ਼ਨਰੇਟ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ’ਚ ਚੋਰ-ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਦਿਸ ਰਹੇ ਹਨ ਕਿ ਕਦੇ ਸ਼ਰੇਆਮ ਗੰਨ ਪੁਆਇੰਟ ’ਤੇ ਸ਼ਹਿਰ ’ਚ ਲੁੱਟਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਦੇ ਗੈਂਗਸਟਰ ਤਾਬੜਤੋੜ ਗੋਲੀਆਂ ਚਲਾ ਰਹੇ ਹਨ। ਸ਼ਹਿਰ ਦਾ ਲਗਾਤਾਰ ਵਿਗੜ ਰਿਹਾ ਮਾਹੌਲ ਵੇਖ ਕੇ ਸ਼ਹਿਰ ਵਾਸੀਆਂ ’ਚ ਖੌਫ ਪਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਇਕ ਗੱਡੀ ਲੁੱਟ ਲਈ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਬੜੇ ਆਰਾਮ ਨਾਲ ਸ਼ਹਿਰ ਵਿਚੋਂ ਫਰਾਰ ਹੋ ਗਏ। ਹਾਰਡਵੇਅਰ ਕਾਰੋਬਾਰੀ ਅਮਿਤ ਬੇਦੀ ਨੇ ਦੱਸਿਆ ਕਿ ਆਪਣੀ ਪਤਨੀ ਅੰਜਲੀ ਨਾਲ ਛੋਟੀ ਬਾਰਾਦਰੀ ਨੇੜੇ ਸਥਿਤ ਸਾਂਝਾ ਚੁੱਲ੍ਹਾ ਰੈਸਟੋਰੈਂਟ ਨੇੜੇ ਆਏ ਸਨ।

ਉਹ ਗੱਡੀ ਨੂੰ ਸਾਈਡ ’ਤੇ ਖੜ੍ਹੀ ਕਰ ਕੇ ਸਟੇਸ਼ਨਰੀ ਦੀ ਦੁਕਾਨ ਤੋਂ ਕੁਝ ਸਾਮਾਨ ਲੈਣ ਲਈ ਗਏ, ਜਦਕਿ ਗੱਡੀ ’ਚ ਉਨ੍ਹਾਂ ਦੀ ਪਤਨੀ ਬੈਠੀ ਹੋਈ ਸੀ। ਇਸ ਦੌਰਾਨ ਬੇਖੌਫ ਲੁਟੇਰਿਆਂ ਨੇ ਗੱਡੀ ਦਾ ਸ਼ੀਸ਼ਾ ਖੜਕਾਇਆ ਅਤੇ ਉਸ ਦੀ ਪਤਨੀ ਨੂੰ ਗੰਨ ਪੁਆਇੰਟ ’ਤੇ ਲੈ ਕੇ ਗੱਡੀ ’ਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ, ਜਿਸ ਤੋਂ ਬਾਅਦ ਲੁਟੇਰੇ ਗੱਡੀ ਲੁੱਟ ਕੇ ਬੜੇ ਆਰਾਮ ਨਾਲ ਫਰਾਰ ਹੋ ਗਏ।

ਸ਼ਹਿਰ 'ਚ ਵੱਧ ਰਹੇ ਕ੍ਰਾਈਮ ’ਤੇ ਰੋਕ ਲਾਉਣ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਖੁਦ ਫੀਲਡ ’ਚ ਨਿਕਲੇ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਦੇ ਸਾਰੇ ਥਾਣਾ ਇੰਚਾਰਜਾਂ ਨੂੰ ਆਪਣੇ-ਆਪਣੇ ਇਲਾਕਿਆਂ ’ਚ ਨਾਕਾਬੰਦੀ ਕਰਨ ਅਤੇ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਦੇ ਹੁਕਮ ਜਾਰੀ ਕੀਤੇ।