ਵੱਡੀ ਵਾਰਦਾਤ : ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪੰਜਾਬੀ ਨੌਜਵਾਨ ਦਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਲਸੀਆਂ ਦੇ ਨੌਜਵਾਨ ਦਾ ਯੂ. ਏ. ਈ. ਦੇ ਸ਼ਹਿਰ ਅਲੈਨ ਵਿਖੇ ਕਤਲ ਕਰ ਦਿੱਤਾ ਗਿਆ ਜਦਕਿ ਘਟਨਾ ’ਚ ਉਸ ਦਾ ਸਾਥੀ ਵੀ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਹਰਦੀਪ ਸਿੰਘ ਉਰਫ ਹੈਪੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਹੈਪੀ ਯੂ. ਏ. ਈ. ਦੇ ਸ਼ਹਿਰ ਅਲੈਨ ਵਿਖੇ ਕੰਮ ਕਰਨ ਲਈ ਗਿਆ ਸੀ।

ਹਰਦੀਪ ਸਿੰਘ'ਤੇ ਸੰਦੀਪ ਸਿੰਘ ਨਾਲ ਦਿਲਾਵਰ ਰਾਮ ਦਾ ਕੁਝ ਦਿਨਾਂ ਤੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦਿਲਾਵਰ ਰਾਮ ਨੇ ਰਸੋਈ ’ਚੋਂ ਚਾਕੂ ਚੁੱਕ ਕੇ ਹਰਦੀਪ ਸਿੰਘ ’ਤੇ ਹਮਲਾ ਕਰ ਦਿੱਤਾ। ਹਰਦੀਪ ਸਿੰਘ ਦੇ ਗਲੇ ’ਚ ਚਾਕੂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਛੁਡਵਾਉਣ ਦੀ ਕੋਸ਼ਿਸ਼ ਕਰਦਿਆਂ ਸੰਦੀਪ ਸਿੰਘ ਦੇ ਢਿੱਡ 'ਚ ਚਾਕੂ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ।