ਲੰਡਨ ‘ਚ ਭਾਰਤੀ ਮੂਲ ਦੀ ਬ੍ਰਿਟਿਸ਼ ਕੁੜੀ ਦਾ ਕਤਲ, ਇਕ ਵਿਅਕਤੀ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੰਡਨ 'ਚ ਭਾਰਤੀ ਮੂਲ ਦੀ ਬ੍ਰਿਟਿਸ਼ ਕੁੜੀ ਦੇ ਕਤਲ ਦੇ ਸ਼ੱਕ ਵਿਚ ਸਕਾਟਲੈਂਡ ਯਾਰਡ ਨੇ ਟਿਊਨੀਸ਼ੀਆ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬ੍ਰਿਟਿਸ਼ ਨਾਗਰਿਕ ਸਬਿਤਾ ਥਾਨਵਾਨੀ ਲੰਡਨ ਦੇ ਕਲਰਕਨਵੈਲ ਖੇਤਰ 'ਚ ਆਰਬਰ ਹਾਊਸ ਵਿਚ ਵਿਦਿਆਰਥੀਆਂ ਲਈ ਬਣੇ ਇਕ ਫਲੈਟ ਵਿਚ ਮ੍ਰਿਤਕ ਮਿਲੀ ਸੀ ਅਤੇ ਉਸ ਦੀ ਗਰਦਨ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਮੈਟਰੋਪੋਲੀਟਨ ਪੁਲਸ ਨੇ 22 ਸਾਲਾ ਮਹੀਰ ਮਾਰੂਫ ਨੂੰ ਗ੍ਰਿਫ਼ਤਾਰ ਕਰਨ ਲਈ ਤੁਰੰਤ ਇਕ ਅਪੀਲ ਜਾਰੀ ਕੀਤੀ। ਦੱਸਿਆ ਜਾਂਦਾ ਹੈ ਕਿ ਮਾਰੂਫ ਅਤੇ ਥਾਨਵਾਨੀ ਵਿਚਕਾਰ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ।

ਪੁਲਿਸ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਲਿੰਡਾ ਬ੍ਰੈਡਲੇ ਨੇ ਕਿਹਾ, 'ਸਬਿਤਾ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ, 'ਮਾਰੂਫ ਅਤੇ ਸਬਿਤਾ ਵਿਚਾਲੇ ਪ੍ਰੇਮ ਸਬੰਧ ਸਨ, ਪਰ ਮਾਰੂਫ ਵਿਦਿਆਰਥੀ ਨਹੀਂ ਹੈ। ਸਬਿਤਾ ਲੰਡਨ ਯੂਨੀਵਰਸਿਟੀ 'ਚ ਪੜ੍ਹ ਰਹੀ ਸੀ ਅਤੇ ਕਥਿਤ ਤੌਰ 'ਤੇ ਉਸ ਨੂੰ ਮਾਰੂਫ ਨਾਲ ਦੇਖਿਆ ਗਿਆ ਸੀ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।