ਸ਼੍ਰੀਲੰਕਾ ‘ਚ ਆਰਥਿਕ ਸੰਕਟ ਦਰਮਿਆਨ ਮੋਦੀ ਤੇ ਬਾਇਡਨ ਕਰਨਗੇ ਵਰਚੂਅਲ ਮੀਟਿੰਗ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ-ਯੂਕਰੇਨ ਜੰਗ, ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਤੇ ਪਾਕਿਸਤਾਨ ਵਿੱਚ ਸਿਆਸੀ ਉਤਾਰ-ਚੜਾਅ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਮੀਟਿੰਗ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਨੇਤਾਵਾਂ ਵਿਚਾਲੇ ਮੁਲਾਕਾਤ ਦੁਵੱਲੀ ਸਾਂਝੇਦਾਰੀ ਨੂੰ ਮਜ਼ਬੂਤ ​​ਕਰੇਗੀ।

ਵ੍ਹਾਈਟ ਹਾਊਸ ਮੁਤਾਬਕ ਪੀਐੱਮ ਮੋਦੀ ਨਾਲ ਮੁਲਾਕਾਤ ਦੌਰਾਨ ਬਾਇਡੇਨ ਰੂਸ-ਯੂਕਰੇਨ ਜੰਗ ਦਾ ਮੁੱਦਾ ਵੀ ਚੁੱਕਣਗੇ। ਵ੍ਹਾਈਟ ਹਾਊਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਰੂਸ ਦੇ ਇਸ ਭਿਆਨਕ ਯੁੱਧ ਦੇ ਨਤੀਜਿਆਂ ਉਤੇ ਚਰਚਾ ਕੀਤੀ ਜਾਵੇਗੀ। ਇਸ ਯੁੱਧ ਕਾਰਨ ਗਲੋਬਲ ਫੂਡ ਸਪਲਾਈ ਉਤੇ ਪੈਣ ਵਾਲੇ ਪ੍ਰਭਾਵ ਉਪਰ ਵੀ ਚਰਚਾ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਭਾਰਤ ਨੇ ਅਜੇ ਵੀ ਰੂਸ ਨਾਲ ਤੇਲ ਦਾ ਵਪਾਰ ਜਾਰੀ ਰੱਖਿਆ ਹੈ ਤੇ ਅਮਰੀਕਾ ਨੂੰ ਇਹ ਰੜਕ ਰਿਹਾ ਹੈ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਭਾਰਤ ਨੇ ਇਹ ਸਬੰਧ ਜਾਰੀ ਰੱਖੇ ਤਾਂ ਇਸ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਭਾਰਤ ਨੂੰ ਇਹ ਪ੍ਰਸਤਾਵ ਦਿੱਤਾ ਹੈ ਕਿ ਉਹ ਉਸ ਨੂੰ ਹਥਿਆਰ ਦੇਵੇਗਾ। ਇਹ ਸ਼ਰਤ ਵੀ ਰੱਖੀ ਗਈ ਹੈ ਕਿ ਭਾਰਤ ਨੂੰ ਰੂਸ ਤੋਂ ਹਥਿਆਰਾਂ ਉਤੇ ਨਿਰਭਰਤਾ ਘੱਟ ਕਰਨੀ ਪਵੇਗੀ।