ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਸੱਤਿਆਨਾਸ਼ ਕੀਤਾ – ਕਿਸਾਨ ਆਗੂ

by vikramsehajpal

ਬੁਢਲਾਡਾ (ਕਰਨ) - ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਆਰੰਭ ਕਿਸਾਨਾਂ ਦਾ ਲੜੀਵਾਰ ਧਰਨਾ ਅੱਜ 230ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।

ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ , ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਗੁਰਨੇ ਕਲਾਂ, ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਬਬਲੀ ਅਟਵਾਲ, ਫਰੀਡਮ ਫਾਈਟਰ ਐਸੋਸੀਏਸ਼ਨ ਪੰਜਾਬ ਦੇ ਆਗੂ ਜਸਵੰਤ ਸਿੰਘ ਬੁਢਲਾਡਾ ਅਤੇ ਹਰਿੰਦਰ ਸਿੰਘ ਸੋਢੀ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਦਾ ਸੱਤਿਆਨਾਸ਼ ਕਰਕੇ ਰੱਖ ਦਿੱਤਾ ਹੈ। ਹਰ ਖੇਤੀ , ਵਪਾਰ ਸਮੇਤ ਹਰ ਸਰਕਾਰੀ ਅਤੇ ਗੈਰ ਸਰਕਾਰੀ ਖੇਤਰ ਦੇ ਕਾਰੋਬਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਸਰਕਾਰ ਦੀ ਆਮਦਨ ਦੇ ਸਰੋਤਾਂ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ। ਦੇਸ਼ ਅੰਦਰ ਭੁੱਖਮਰੀ, ਬੇਰੁਜ਼ਗਾਰੀ, ਖੁਦਕੁਸ਼ੀਆਂ, ਭ੍ਰਿਸ਼ਟਾਚਾਰ, ਅਪਰਾਧਿਕ ਘਟਨਾਵਾਂ, ਫਿਰਕੂ ਦੰਗੇ ਆਦਿ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਦੇਸ਼ ਦੀ ਕੌਮਾਂਤਰੀ ਪੱਧਰ 'ਤੇ ਬਣੀ ਸਾਖ ਨੂੰ ਲਗਾਤਾਰ ਢਾਹ ਲੱਗ ਰਹੀ ਹੈ। ਮੋਦੀ ਸਰਕਾਰ ਨੇ ਕਿਸੇ ਵੀ ਖੇਤਰ ਵਿੱਚ ਕੋਈ ਮੱਲ ਨਹੀਂ ਮਾਰੀ। ਸਗੋਂ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧ ਵਿਗਾੜੇ ਹਨ। ਕੇਂਦਰ ਸਰਕਾਰ ਜਿਨ੍ਹਾਂ ਨੀਤੀਆਂ ਇਨਾਂ ਹਾਲਤਾਂ ਵਿੱਚ ਦੇਸ਼ ਦੇ ਤਰੱਕੀ ਅਤੇ ਵਿਕਾਸ ਸੰਭਵ ਨਹੀਂ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਦੇ ਮੁੱਦੇ ਨੇ ਸਾਰੇ ਦੇਸ਼ ਦੇ ਸਾਰੇ ਵਰਗਾਂ ਲੋਕਾਂ ਨੂੰ ਇੱਕਮੁੱਠ ਕਰ ਦਿੱਤਾ ਹੈ। ਕਿਸਾਨ ਅੰਦੋਲਨ ਨੇ ਫਿਰਕੂ-ਫਾਸੀਵਾਦੀ ਤਾਕਤਾਂ ਦੇ ਮਨਸੂਬੇ ਅਸਫ਼ਲ ਬਣਾ ਦਿੱਤੇ ਹਨ ਅਤੇ ਅੱਜ ਦੇਸ਼ ਦਾ ਆਵਾਮ ਧਰਮਾਂ , ਫਿਰਕਿਆਂ, ਖੇਤਰਾਂ ਆਦਿ ਵਖਰੇਵਿਆਂ ਤੋਂ ਉੱਪਰ ਉੱਠਕੇ ਇਸ ਅੰਦੋਲਨ ਵਿੱਚ ਕੁੱਦੇ ਹੋਏ ਹਨ।

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਤੇਜ ਰਾਮ ਅਹਿਮਦਪੁਰ, ਸੁਖਦੇਵ ਸਿੰਘ ਸਿਵੀਆ, ਗੁਰਚਰਨ ਸਿੰਘ ਗੁਰਨੇ ਖੁਰਦ, ਭੋਲਾ ਸਿੰਘ ਅਹਿਮਦਪੁਰ, ਮੱਲ ਸਿੰਘ ਬੋੜਾਵਾਲ, ਲਾਭ ਸਿੰਘ ਅਹਿਮਦਪੁਰ, ਸੁਖਵਿੰਦਰ ਸਿੰਘ ਗੁਰਨੇ ਖੁਰਦ, ਮਿੱਠੂ ਸਿੰਘ ਅਹਿਮਦਪੁਰ, ਸੀਤਾ ਗਿਰ ਗੁਰਨੇ ਕਲਾਂ, ਬਸੰਤ ਸਿੰਘ ਸਹਾਰਨਾ ਅਤੇ ਰੂਪ ਸਿੰਘ ਗੁਰਨੇ ਕਲਾਂ ਨੇ ਵੀ ਸੰਬੋਧਨ ਕੀਤਾ ।