ਮੁਹਾਲੀ: ‘ਚੰਨੀ ਦੀ ਬੱਕਰੀ’ ਖ਼ਰੀਦਣ ਵਾਲੇ ਪਰਮਜੀਤ ਸਿੰਘ ਵਿਰੁੱਧ ਹੋਵੇਗੀ ਕਾਰਵਾਈ!

by jaskamal

ਨਿਊਜ਼ ਡੈਸਕ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਈ ਬਹੁ-ਚਰਚਿਤ ਬੱਕਰੀ ਨੂੰ ਖ਼ਰੀਦਣ ਕਾਰਨ ਚਰਚਾ 'ਚ ਆਏ ਡਰਾਈਵਰ ਪਰਮਜੀਤ ਸਿੰਘ ਨੂੰ ਮੁਹਾਲੀ ਦੀ ਅਦਾਲਤ ਨੇ ਪੈਸਿਆਂ ਦੇ ਲੈਣ-ਦੇਣ ਦੇ ਪੁਰਾਣੇ ਮਾਮਲੇ 'ਚ ਭਗੌੜਾ ਐਲਾਨਿਆ ਗਿਆ ਹੈ। ਚਮਕੌਰ ਸਾਹਿਬ ਦੇ ਵਸਨੀਕ ਪਰਮਜੀਤ ਸਿੰਘ ਵਿਧਾਨ ਸਭਾ ਚੋਣਾਂ ਦੌਰਾਨ ਉਸ ਸਮੇਂ ਚਰਚਾ 'ਚ ਆਇਆ ਸੀ, ਉਸ ਨੇ ਭਦੌੜ ਤੋਂ ਬੱਕਰੀ ਨੂੰ ਖ਼ਰੀਦਿਆ ਸੀ ਤੇ ਚਮਕੌਰ ਸਾਹਿਬ ਸਥਿਤ ਆਪਣੇ ਘਰ ਲੈ ਆਇਆ ਸੀ। ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਹਰਪ੍ਰੀਤ ਕੌਰ ਦੀ ਅਦਾਲਤ ਨੇ ਪਰਮਜੀਤ ਸਿੰਘ ਨੂੰ ਕੇਸ 'ਚ ਭਗੌੜਾ ਐਲਾਨਿਆ ਹੈ ਤੇ ਚਮਕੌਰ ਸਾਹਿਬ ਥਾਣਾ ਦੇ ਐੱਸਐੱਚਓ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਸ਼ੇਸ਼ ਪੁਲੀਸ ਟੀਮ ਕਾਇਮ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਸਬੰਧਤ ਅਦਾਲਤ 'ਚ ਪੇਸ਼ ਕੀਤਾ ਜਾਵੇ। ਅੱਜ ਇੱਥੇ ਸ਼ਿਕਾਇਤਕਰਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ, ਜੋ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਐਂਬੂਲੈਂਸ ਦਾ ਡਰਾਈਵਰ ਰਿਹਾ ਹੈ ਤੇ ਇਸ ਵੇਲੇ ਉਹ ਸਰਕਾਰੀ ਹਸਪਤਾਲ ਖਰੜ 'ਚ ਤਾਇਨਾਤ ਹੈ, ਨੇ ਉਸ ਕੋਲੋਂ ਕਿਸੇ ਕੰਮ ਲਈ ਡੇਢ ਲੱਖ ਰੁਪਏ ਉਧਾਰ ਲਏ ਸਨ ਪਰ ਬਾਅਦ 'ਚ ਉਸ ਨੇ ਪੈਸੇ ਵਾਪਸ ਮੋੜਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਮੁਹਾਲੀ ਦੀ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ। ਕੇਸ ਦੀ ਸੁਣਵਾਈ ਦੌਰਾਨ ਕਈ ਪੇਸ਼ੀਆਂ ਭੁਗਤਣ ਮਗਰੋਂ ਪਰਮਜੀਤ ਸਿੰਘ ਨੇ 90 ਹਜ਼ਾਰ ਰੁਪਏ ਅਦਾਲਤ ਦੀ ਹਾਜ਼ਰੀ 'ਚ ਵਾਪਸ ਕਰ ਦਿੱਤੇ ਸਨ ਬਾਕੀ ਦੀ ਰਾਸ਼ੀ ਦੇਣ ਤੋਂ ਟਾਲਾ ਵਟਦਾ ਆ ਰਿਹਾ ਸੀ। ਪਰਮਜੀਤ ਸਿੰਘ ਨੇ ਇਹ ਬੱਕਰੀ 21 ਹਜ਼ਾਰ ਰੁਪਏ 'ਚ ਖ਼ਰੀਦੀ ਸੀ। ਉਸ ਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਜਾਅਲੀ ਦਸਖ਼ਤ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਨੌਕਰੀ ’ਤੇ ਰੱਖਣ ਦਾ ਵੀ ਦੋਸ਼ ਹੈ। ਇਸ ਸਬੰਧੀ ਡੀਸੀ ਦੇ ਹੁਕਮਾਂ ’ਤੇ ਪਰਮਜੀਤ ਦੇ ਖ਼ਿਲਾਫ਼ ਜਾਅਲਸਾਜ਼ੀ ਦਾ ਪਰਚਾ ਦਰਜ ਕੀਤਾ ਗਿਆ ਸੀ।