‘ਅਗਨੀਪਥ’ ਸਕੀਮ ਦੇ ਵਿਰੋਧ ‘ਚ 24 ਜੂਨ ਨੂੰ ਦੇਸ਼ ਵਿਆਪੀ ਪ੍ਰਦਰਸ਼ਨ : ਰਾਕੇਸ਼ ਟਿਕੈਤ

by jaskamal

ਨਿਊਜ਼ ਡੈਸਕ : ਸੰਯੁਕਤ ਕਿਸਾਨ ਮੋਰਚਾ ਨੇ ਫੌਜ ਵਿੱਚ ਭਰਤੀ ਦੀ ਨਵੀਂ ਅਗਨੀਪੱਥ ਯੋਜਨਾ ਦੇ ਖਿਲਾਫ ਨੌਜਵਾਨਾਂ ਦੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਧਰਨੇ ਨੂੰ ਸ਼ਾਂਤਮਈ ਰੱਖਣ ਦੀ ਅਪੀਲ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਇਸ ਯੋਜਨਾ ਨੂੰ ਫੌਜ ਵਿਰੋਧੀ, ਕਿਸਾਨ ਵਿਰੋਧੀ ਤੇ ਦੇਸ਼ ਵਿਰੋਧੀ ਕਰਾਰ ਦਿੱਤਾ ਹੈ। ਜਦੋਂ ਕੇਂਦਰ ਸਰਕਾਰ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਦੀ ਭਾਵਨਾ ਨੂੰ ਢਾਹ ਲਾਉਣ ’ਤੇ ਤੁਲੀ ਹੋਈ ਹੈ ਤਾਂ ਕਿਸਾਨ ਲਹਿਰ ਦਾ ਫਰਜ਼ ਬਣਦਾ ਹੈ ਕਿ ਉਹ ਜਵਾਨਾਂ ਨਾਲ ਇਸ ਸੰਘਰਸ਼ 'ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ। ਇਸ ਲਈ ਸੰਯੁਕਤ ਕਿਸਾਨ ਮੋਰਚਾ 24 ਜੂਨ ਦਿਨ ਸ਼ੁੱਕਰਵਾਰ ਨੂੰ ਦੇਸ਼ ਭਰ 'ਚ ਰੋਸ ਦਿਵਸ ਮਨਾਏਗਾ। ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ ਦੀ 7 ਮੈਂਬਰੀ ਤਾਲਮੇਲ ਕਮੇਟੀ ਨੇ ਅੱਜ ਕਰਨਾਲ (ਹਰਿਆਣਾ) 'ਚ ਹੋਈ ਮੀਟਿੰਗ ਦੌਰਾਨ ਲਿਆ।

ਇਸ ਸਕੀਮ ਨੂੰ ਦੇਸ਼ ਦੇ ਭਵਿੱਖ ਨਾਲ ਖਿਲਵਾੜ ਦੱਸਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਇਹ ਨਾ ਸਿਰਫ਼ ਦੇਸ਼ ਦੀ ਸੁਰੱਖਿਆ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਸੁਪਨਿਆਂ ਨਾਲ ਖੇਡ ਰਹੀ ਹੈ, ਸਗੋਂ ਦੇਸ਼ ਦੇ ਕਿਸਾਨ ਪਰਿਵਾਰਾਂ ਨਾਲ ਵੀ ਖਿਲਵਾੜ ਹੈ। ਇਸ ਦੇਸ਼ ਦਾ ਜਵਾਨ ਵਰਦੀਧਾਰੀ ਕਿਸਾਨ ਹੈ। ਜ਼ਿਆਦਾਤਰ ਸਿਪਾਹੀ ਕਿਸਾਨ ਪਰਿਵਾਰਾਂ ਤੋਂ ਹਨ। ਫੌਜ ਦੀ ਨੌਕਰੀ ਲੱਖਾਂ ਕਿਸਾਨ ਪਰਿਵਾਰਾਂ ਦੇ ਸਨਮਾਨ ਅਤੇ ਆਰਥਿਕ ਮਜ਼ਬੂਤੀ ਨਾਲ ਜੁੜੀ ਹੋਈ ਹੈ। ਦੇਸ਼ ਲਈ ਸ਼ਰਮ ਵਾਲੀ ਗੱਲ ਹੈ ਕਿ ਸਾਬਕਾ ਸੈਨਿਕਾਂ ਨੂੰ ''ਵਨ ਰੈਂਕ ਵਨ ਪੈਨਸ਼ਨ'' ਦੇ ਵਾਅਦੇ ਨਾਲ ਰੈਲੀ ਕਰਕੇ ਆਪਣੀ ਜਿੱਤ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ''ਨੋ ਰੈਂਕ ਨੋ ਪੈਨਸ਼ਨ'' ਦੀ ਇਹ ਸਕੀਮ ਸ਼ੁਰੂ ਕੀਤੀ ਹੈ। ਫੌਜ ਵਿੱਚ ਰੈਗੂਲਰ ਭਰਤੀ ਵਿੱਚ ਵੱਡੀ ਕਟੌਤੀ ਉਨ੍ਹਾਂ ਕਿਸਾਨ ਪੁੱਤਰਾਂ ਨਾਲ ਧੋਖਾ ਹੈ, ਜਿਨ੍ਹਾਂ ਨੇ ਸਾਲਾਂ ਤੋਂ ਫੌਜ ਵਿੱਚ ਨੌਕਰੀ ਕਰਨ ਦਾ ਸੁਪਨਾ ਪਾਲਿਆ ਸੀ। ਕਿਸਾਨ ਅੰਦੋਲਨ ਦੇ ਹੱਥੋਂ ਆਪਣੀ ਹਾਰ ਤੋਂ ਦੁਖੀ ਹੋਈ ਇਸ ਸਰਕਾਰ ਨੇ ਕਿਸਾਨਾਂ ਤੋਂ ਬਦਲਾ ਲੈਣ ਦੀ ਇੱਕ ਹੋਰ ਚਾਲ ਚੱਲੀ ਹੈ।