ਨਸ਼ੇ ਦੀ ਰਿਪੋਰਟ ਨੂੰ ਲੈ ਕੇ ਇਕ-ਦੂਜੇ ‘ਤੇ ਵਰ੍ਹੇ ਨਵਜੋਤ ਸਿੱਧੂ ਤੇ ਸੁਖਬੀਰ ਬਾਦਲ

by jaskamal

ਨਿਊਜ਼ ਡੈਕਸ (ਜਸਕਮਲ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੁਣ ਡਰੱਗਜ਼ ਦੀ ਰਿਪੋਰਟ ਨੂੰ ਲੈ ਕੇ ਇਕ-ਦੂਸਰੇ 'ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਅੱਜ ਪਾਰਟੀ ਨੇ ਕੋਰ ਕਮੇਟੀ ਦੇ ਮੈਂਬਰਾਂ ਨਾਲ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਵੱਲ ਵਹੀਰਾ ਘੱਤਆ ਹੈ ਪਰ ਚੰਡੀਗੜ੍ਹ ਪੁਲਿਸ ਨੇ ਸੁਖਬੀਰ ਬਾਦਲ ਸਮੇਤ ਸਾਰੇ ਸੀਨੀਅਰ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਤੇ ਉਨ੍ਹਾਂ ਨੂੰ ਸਾਰੰਗਪੁਰ ਪੁਲਿਸ ਸਟੇਸ਼ਨ ਲੈ ਗਏ।

ਇਸੇ ਦੌਰਾਨ ਸੁਖਬੀਰ ਬਾਦਲ ਨੇ ਅੱਜ ਨਵਜੋਤ ਸਿੱਧੂ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਨਸ਼ਿਆਂ ਦੇ ਮੁੱਦੇ ਦਾ ਲਗਾਤਾਰ ਸਿਆਸੀਕਰਨ ਕੀਤਾ ਹੈ। ਇਸ ਦਾ ਸਬੂਤ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਨਵਜੋਤ ਸਿੰਘ ਸਿੱਧੂ, ਐਡਵੋਕੇਟ ਜਨਰਲ ਤੇ ਡੀਜੀਪੀ ਨੇ ਰਾਜ ਭਵਨ ਨੇੜੇ ਗੈਸਟ ਹਾਊਸ 'ਚ ਬੈਠ ਕੇ ਉਨ੍ਹਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਮੀਡੀਆ ਸਾਹਮਣੇ ਇਸ ਦਾ ਪਰਦਾਫਾਸ਼ ਕੀਤਾ ਸੀ। ਹੁਣ ਬਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਦੀ ਇਕ ਹੋਰ ਸਾਜ਼ਿਸ਼ ਰਚੀ ਗਈ ਹੈ।

ਉਧਰ ਨਵਜੋਤ ਸਿੱਧੂ ਨੇ ਅੱਜ ਇਸ ਮੁੱਦੇ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਸਬੂਤ ਦੇਣ ਕਿ ਉਨ੍ਹਾਂ ਨੇ ਉਸ ਡੀਜੀਪੀ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ ਜਿਸ ਨੇ 2015 'ਚ ਦੋ ਸਿੱਖ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਸੀ ਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ, ਜੇਕਰ ਸੁਖਬੀਰ ਅਜਿਹਾ ਕਰਦੇ ਹਨ ਤਾਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ। ਸਿੱਧੂ ਨੇ ਕਿਹਾ ਕਿ ਉਹ ਨਹੀਂ, ਇਨਫੋਰਸਮੈਂਟ ਡਾਇਰੈਕਟੋਰੇਟ ਤੁਹਾਡੇ 'ਤੇ ਛਾਪੇਮਾਰੀ ਕਰ ਰਿਹਾ ਹੈ ਤੇ ਤੁਹਾਡੇ ਸੁਰਿੰਦਰ ਪਹਿਲਵਾਨ ਨਾਲ ਖਾਤਿਆਂ ਦੀ ਜਾਂਚ ਕਰ ਰਿਹਾ ਹੈ।