ਬਿਨਾ ਮਾਸਕ ਲੋਕਲ ਰੂਟ ਦੀਆਂ ਐਂਟਰੀ ਨਹੀਂ : ਚੰਡੀਗੜ੍ਹ ਟਰਾਂਸਪੋਰਟ

by vikramsehajpal
ਚੰਡੀਗੜ੍ਹ (ਦੇਵ ਇੰਦਰਜੀਤ) : ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਮੁਸਾਫ਼ਰਾਂ ਨੇ ਮਾਸਕ ਨਹੀਂ ਪਾਇਆ ਹੈ ਤਾਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਲੰਬੇ ਅਤੇ ਲੋਕਲ ਰੂਟ ਦੀਆਂ ਬੱਸਾਂ ਵਿਚ ਐਂਟਰੀ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਸੀ. ਟੀ. ਯੂ. ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਸਖ਼ਤੀ ਨਾਲ ਇਨ੍ਹਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਪ੍ਰਸ਼ਾਸਨ ਇਹ ਸਖ਼ਤੀ ਕਰ ਰਿਹਾ ਹੈ ਕਿਉਂਕਿ ਇਹ ਸਾਹਮਣੇ ਆ ਰਿਹਾ ਹੈ ਕਿ ਬੱਸਾਂ ਵਿਚ ਲੋਕ ਬਿਨਾਂ ਮਾਸਕ ਦੇ ਹੀ ਸਫ਼ਰ ਕਰ ਰਹੇ ਹਨ। ਇਸ ਸਬੰਧੀ ਵਿਭਾਗ ਕੋਲ ਸ਼ਿਕਾਇਤਾਂ ਆ ਰਹੀਆਂ ਸਨ। ਫ਼ੈਸਲਾ ਲਿਆ ਗਿਆ ਹੈ ਕਿ ਆਰ. ਐੱਲ. ਏ. ਦਫ਼ਤਰ ਵਿਚ ਵੀ ਸਿਰਫ਼ ਉਨ੍ਹਾਂ ਬਿਨੈਕਾਰਾਂ ਨੂੰ ਹੀ ਦਾਖ਼ਲਾ ਮਿਲੇਗਾ, ਜਿਨ੍ਹਾਂ ਕੋਲ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇਕ ਡੋਜ਼ ਲੱਗੇ ਹੋਣ ਦਾ ਸਰਟੀਫਿਕੇਟ ਹੋਵੇਗਾ ਜਾਂ ਉਨ੍ਹਾਂ ਨੂੰ ਪਿਛਲੇ 72 ਘੰਟਿਆਂ ਦੀ ਕੋਵਿਡ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ। ਇਹੀ ਕਾਰਨ ਹੈ ਕਿ ਲੋਕਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਯੂ. ਟੀ. ਪ੍ਰਸ਼ਾਸਨ ਨੇ ਆਪਣੇ ਸਾਰੇ ਵਿਭਾਗਾਂ ਦੇ ਦਫ਼ਤਰਾਂ ਵਿਚ ਬਿਨਾਂ ਵੈਕਸੀਨ ਜਾਂ ਨੈਗੇਟਿਵ ਆਰ. ਟੀ. ਪੀ. ਸੀ. ਆਰ. ਰਿਪੋਰਟ ਦੇ ਐਂਟਰੀ ’ਤੇ ਰੋਕ ਲਾ ਦਿੱਤੀ ਹੈ। ਇਸ ਦੇ ਤਹਿਤ ਹੀ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਵੀ ਆਪਣੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਜ਼ੀਟਰਜ਼ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ।