ਕੋਈ ਹਾਦਸਾ ਜਾਂ ਲਾਪਰਵਾਹੀ ਨਹੀਂ, ਸਗੋਂ ਗਿਣੀ-ਮਿੱਥੀ ਸਾਜ਼ਿਸ਼ ਸੀ ਲਖੀਮਪੁਰ ਖੀਰੀ ਦੀ ਘਟਨਾ : SIT

by jaskamal

ਨਿਊਜ਼ ਡੈਸਕ (ਜਸਕਮਲ) : 3 ਅਕਤੂਬਰ ਦੀ ਲਖੀਮਪੁਰ ਖੀਰੀ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਚੀਫ਼ ਜੁਡੀਸ਼ਲ ਮੈਜਿਸਟਰੇਟ (ਸੀਜੇਐੱਮ) ਅੱਗੇ 13 ਮੁਲਜ਼ਮਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦੀ ਨਵੀਂ ਧਾਰਾ ਦਰਜ ਕਰਨ ਲਈ ਅਰਜ਼ੀ ਦਾਇਰ ਕੀਤੀ ਹੈ। ਸੋਮਵਾਰ ਨੂੰ ਜਾਂਚ ਕਰ ਰਹੇ ਐੱਸਆਈਟੀ ਦੇ ਜਾਂਚ ਅਧਿਕਾਰੀ ਵਿਦਿਆਰਾਮ ਨੇ ਸੀਜੇਐੱਮ ਦੀ ਅਦਾਲਤ ’ਚ ਬੇਨਤੀ ਪੱਤਰ ਦਿੱਤਾ ਹੈ। ਉਨ੍ਹਾਂ ਨੇ ਅਦਾਲਤ ਤੋਂ ਇਜਾਜ਼ਤ ਮੰਗੀ ਕਿ ਇਸ ਵਾਰਦਾਤ ’ਚ ਜਾਨਲੇਵਾ ਹਮਲਾ, ਗੰਭੀਰ ਸੱਟਾਂ ਲਗਾਉਣ ਤੇ ਹਥਿਆਰ ਬਰਾਮਦ ਹੋਣ ਦੀਆਂ ਧਾਰਾਵਾਂ ਵਧਾਈ ਜਾਵੇ। ਅਦਾਲਤ ਨੇ ਮੰਗਲਵਾਰ ਨੂੰ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਤਲਬ ਕੀਤਾ ਹੈ।

ਆਪਣੀ ਅਰਜ਼ੀ 'ਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਖੀਮਪੁਰ ਖੀਰੀ ਘਟਨਾ ਯੋਜਨਾਬੱਧ ਤੇ ਜਾਣਬੁੱਝ ਕੇ ਕੀਤੀ ਗਈ ਸੀ ਨਾ ਕਿ ਲਾਪਰਵਾਹੀ ਜਾਂ ਗਲਤੀ ਸੀ। ਜਾਂਚ ਅਧਿਕਾਰੀ ਨੇ ਬੇਨਤੀ ਕੀਤੀ ਕਿ ਧਾਰਾ 279 ਨੂੰ ਬਦਲ ਕੇ 307, ਗੰਭੀਰ ਸੱਟਾਂ ਦੇਣ ਦੀ ਧਾਰਾ, ਨਾਜਾਇਜ਼ ਹਥਿਆਰ ਬਰਾਮਦ ਕਰਨ, ਲਾਇਸੈਂਸੀ ਹਥਿਆਰ ਦੀ ਦੁਰਵਰਤੋਂ ਕਰਨ ਸਮੇਤ ਹੋਰ ਕਈ ਧਾਰਾਵਾਂ ਦਾ ਅਪਰਾਧ ਬਣਦਾ ਹੈ। ਸੁਣਵਾਈ ਕਰਦੇ ਹੋਏ ਅਦਾਲਤ ਨੇ ਮੰਗਲਵਾਰ ਨੂੰ ਸਾਰੇ 14 ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਐੱਸਆਈਟੀ ਨੇ ਹੁਣ ਤੱਕ ਆਸ਼ੀਸ਼ ਮਿਸ਼ਰਾ, ਲਵਕੁਸ਼, ਆਸ਼ੀਸ਼ ਪਾਂਡੇ, ਸ਼ੇਖਰ ਭਾਰਤੀ, ਅੰਕਿਤ ਦਾਸ, ਲਤੀਫ, ਸਿਸ਼ੂਪਾਲ, ਨੰਦਨ ਸਿੰਘ, ਸਤਿਅਮ ਤ੍ਰਿਪਾਠੀ, ਸੁਮਿਤ ਜੈਸਵਾਲ, ਧਰਮਿੰਦਰ ਬੰਜਾਰਾ, ਰਿੰਕੂ ਰਾਣਾ ਤੇ ਉਲਾਸ ਤ੍ਰਿਵੇਦੀ ਨੂੰ ਗ੍ਰਿਫਤਾਰ ਕੀਤਾ ਹੈ। ਉਹ ਲਖੀਮਪੁਰ ਖੀਰੀ ਜ਼ਿਲ੍ਹਾ ਜੇਲ੍ਹ 'ਚ ਬੰਦ ਹਨ। ਇਸ ਦੌਰਾਨ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਰਾਜ ਸਰਕਾਰ ਨੂੰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ 'ਤੇ ਜਵਾਬੀ ਹਲਫ਼ਨਾਮਾ ਦਾਖ਼ਲ ਕਰਨ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ।