ਅਧਿਆਪਕਾਂ ਦੇ ਤਬਾਦਲੇ ਦਾ ਸਿੱਖਿਆ ਮਹਿਕਮੇ ਨੇ ਲਿਆ ਨੋਟਿਸ, ਜਾਰੀ ਕੀਤੇ ਨਿਰਦੇਸ਼

by jaskamal

ਨਿਊਜ਼ ਡੈਸਕ: ਸਕੂਲ ਸਿੱਖਿਆ ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਦੇ ਹੋਏ ਆਪਣੇ ਪੱਧਰ ’ਤੇ ਪ੍ਰਬੰਧਕੀ ਆਧਾਰ ’ਤੇ ਤਬਾਦਲਾ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਪੱਤਰ ’ਚ ਕਿਹਾ ਗਿਆ ਹੈ ਕਿ ਹੈੱਡ ਆਫ਼ਿਸ ਦੇ ਧਿਆਨ ’ਚ ਆਇਆ ਹੈ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਅਧਿਆਪਕਾਂ ਦੇ ਖ਼ਿਲਾਫ਼ ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਆਪਣੇ ਪੱਧਰ ’ਤੇ ਕੇਵਲ ਪ੍ਰਬੰਧਕੀ ਆਧਾਰ ’ਤੇ ਤਬਾਦਲਾ ਜਾਂ ਅਸਥਾਈ ਵਿਵਸਥਾ ਕਰ ਦਿੱਤੀ ਜਾਂਦੀ ਹੈ। ਮਾਮਲਾ ਗੰਭੀਰ ਹੋਣ ਦੇ ਬਾਵਜੂਦ ਸਬੰਧਤ ਮੁਲਾਜ਼ਮ ਖ਼ਿਲਾਫ਼ ਪੰਜਾਬ ਸਿਵਲ ਸੇਵਾ ਰੂਲਸ 1970 ਦੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਨਾ ਹੀ ਮਾਮਲੇ ਨੂੰ ਮੁੱਖ ਦਫ਼ਤਰ ਦੇ ਧਿਆਨ ’ਚ ਲਿਆਂਦਾ ਜਾਂਦਾ ਹੈ। ਇਸ ਲਈ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਇਸ ਦਾ ਨੋਟਿਸ ਲਿਆ ਗਿਆ ਹੈ।

ਇਸ ਸਬੰਧ ਵਿਚ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਭਵਿੱਖ ਵਿਚ ਕਿਸੇ ਵੀ ਅਧਿਆਪਕ ਦਾ ਪ੍ਰਬੰਧਕੀ ਆਧਾਰ ’ਤੇ ਤਬਾਦਲਾ ਜਾਂ ਅਸਥਾਈ ਪ੍ਰਬੰਧ ਆਪਣੇ ਪੱਧਰ ’ਤੇ ਨਾ ਕੀਤਾ ਜਾਵੇ। ਗੰਭੀਰ ਹਾਲਾਤ ਪੈਦਾ ਹੋਣ ’ਤੇ ਜੇਕਰ ਕਿਸੇ ਅਧਿਆਪਕ ਦਾ ਪ੍ਰਬੰਧਕੀ ਆਧਾਰ ’ਤੇ ਤਬਾਦਲਾ ਹੁੰਦਾ ਹੈ ਤਾਂ ਕਾਰਵਾਈ ਕਰਨ ਲਈ ਸਪੱਸ਼ਟ ਤਜਵੀਜ਼ ਹੈੱਡ ਆਫ਼ਿਸ ਨੂੰ ਈ-ਮੇਲ ਜ਼ਰੀਏ ਤੁਰੰਤ ਪੇਸ਼ ਕੀਤੀ ਜਾਵੇ ਤਾਂ ਕਿ ਨਿਯਮਾਂ ਦੇ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਸਕੇ।